ਰੇਲ 'ਚ ਸਿਗਰਟ ਪੀਣੋਂ ਰੋਕਣ 'ਤੇ ਗਰਭਵਤੀ ਮਹਿਲਾ ਦਾ ਕਤਲ
ਏਬੀਪੀ ਸਾਂਝਾ | 11 Nov 2018 11:55 AM (IST)
ਸੰਕੇਤਕ ਤਸਵੀਰ
ਸ਼ਾਹਜਹਾਨਪੁਰ: ਰੇਲ ਗੱਡੀ ਵਿੱਚ ਸਫਰ ਕਰ ਰਹੀ ਗਰਭਵਤੀ ਮਹਿਲਾ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਕਿਸੇ ਨੂੰ ਸਿਗਰਟ ਪੀਣੋਂ ਰੋਕਣ ਲਈ ਉਸ ਨੂੰ ਜਾਨ ਦੇਣੀ ਪੈ ਸਕਦੀ ਹੈ। ਉਸ ਨੇ ਤਾਂ ਸਿਰਫ ਇੱਕ ਮੁਸਾਫਰ ਨੂੰ ਇੰਨਾ ਹੀ ਕਿਹਾ ਸੀ ਕਿ ਗੱਡੀ ਵਿੱਚ ਸਿਗਰਟ ਨਾ ਪੀਵੇ। ਦਰਅਸਲ ਉੱਤਰ ਪ੍ਰਦੇਸ਼ ਦੇ ਸ਼ਾਹਜਹਾਨਪੁਰ ਵਿੱਚ ਰੇਲ ਗੱਡੀ ਵਿੱਚ ਆਪਣੇ ਨਾਲ ਸਫ਼ਰ ਕਰ ਰਹੇ ਮੁਸਾਫ਼ਰ ਨੂੰ ਸਿਗਰਟ ਪੀਣ ਤੋਂ ਰੋਕਣ ’ਤੇ ਗਰਭਵਤੀ ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਸ਼ਾਹਜਹਾਨਪੁਰ ਰੇਲਵੇ ਥਾਣੇ ਦੇ ਇੰਚਾਰਜ ਏਕੇ ਪਾਂਡੇ ਨੇ ਦੱਸਿਆ ਕਿ ਚਿਨਤ ਦੇਵੀ (45) ਆਪਣੇ ਪਰਿਵਾਰ ਸਮੇਤ ਜਨਰਲ ਡੱਬੇ ’ਚ ਸਫਰ ਕਰ ਰਹੀ ਸੀ। ਉਸ ਨੇ ਆਪਣੇ ਨਾਲ ਸਫਰ ਕਰ ਰਹੇ ਸੋਨੂ ਯਾਦਵ ਨਾਂ ਦੇ ਵਿਅਕਤੀ ਨੂੰ ਸਿਗਰਟ ਪੀਣ ਤੋਂ ਰੋਕਿਆ। ਗੁੱਸੇ ਵਿੱਚ ਆਏ ਮੁਲਜ਼ਮ ਨੇ ਮਹਿਲਾ ਨੂੰ ਧੱਕਾ ਦੇ ਦਿੱਤਾ ਤੇ ਉਸ ’ਤੇ ਬੈਠ ਗਿਆ। ਇਸ ਖਿੱਚ-ਧੂਹ ਵਿੱਚ ਔਰਤ ਦੀ ਹਾਲਤ ਵਿਗੜ ਗਏ। ਸਟੇਸ਼ਨ ’ਤੇ ਰੇਲ ਰੁਕਣ ਮਗਰੋਂ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਾਅਦ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।