ਰੂਪਨਗਰ: ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਸੀਨੀਅਰ ਅਕਾਲੀ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਿਆਸਤ ਵਿੱਚ ਹਲਚਲ ਲਿਆਉਣ ਵਾਲਾ ਬਿਆਨ ਦਿੱਤਾ ਹੈ। ਚੰਦੂਮਾਜਰਾ ਨੇ ਦਾਅਵਾ ਕੀਤਾ ਹੈ ਕਿ ਮੋਦੀ ਨੇ ਕੈਪਟਨ ਨੂੰ ਅਰੂਸਾ ਆਲਮ ਨੂੰ ਪਾਕਿਸਤਾਨ ਭੇਜਣ ਲਈ ਕਿਹਾ ਤੇ ਸਾਡਾ ਪਾਇਲਟ ਵਤਨ ਪਰਤਿਆ ਹੈ।


ਚੰਦੂਮਾਜਰਾ ਇੱਥੇ ਲੋਕਾ ਸਭਾ ਚੋਣਾਂ ਦੇ ਪ੍ਰਚਾਰ ਲਈ ਰੱਖੀ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਾਂਗਰਸ 'ਤੇ ਨਿਸ਼ਾਨੇ ਲਾਉਂਦੇ ਏਅਰ ਸਟ੍ਰਾਈਕ ਦੇ ਸਬੂਤ ਮੰਗਣ ਦੀ ਨਿੰਦਾ ਕੀਤੀ। ਚੰਦੂਮਾਜਰਾ ਨੇ ਕਿਹਾ ਕਿ ਪਾਇਲਟ ਦੇ ਪਾਕਿਸਤਾਨ ਦੇ ਕਬਜ਼ੇ ਵਿੱਚ ਹੋਣ ਬਾਰੇ ਪਤਾ ਲੱਗਣ 'ਤੇ ਪੀਐਮ ਮੋਦੀ ਨੇ ਕੈਪਟਨ ਨੂੰ ਕਿਹਾ ਕਿ ਉਹ ਪਹਿਲਾਂ ਅਰੂਸਾ ਆਲਮ ਨੂੰ ਪਾਕਿਸਤਾਨ ਭੇਜੇ ਤਾਂ ਅਭਿਨੰਦਨ ਇੱਧਰ ਆਇਆ।

ਇਹ ਗੱਲ ਸੁਣ ਕੇ ਸਭਾ 'ਚ ਹਾਸਾ ਫੈਲ ਗਿਆ ਫਿਰ ਲੋਕ ਸਭਾ ਮੈਂਬਰ ਚੰਦੂਮਾਜਰਾ ਨੂੰ ਹੋਰ ਜੋਸ਼ ਆ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਨੇ ਆਪਣੀ ਪਤਨੀ ਪਰਨੀਤ ਕੌਰ ਦੀ ਗੱਲ ਨਹੀਂ ਮੰਨੀ ਪਰ ਮੋਦੀ ਸਾਹਬ ਦੀ ਮੰਨ ਕੇ ਅਰੂਸਾ ਨੂੰ ਆਰਜ਼ੀ ਤੌਰ 'ਤੇ ਪਾਕਿਸਤਾਨ ਭੇਜ ਦਿੱਤਾ। ਇਸ ਦਾ ਕ੍ਰੈਡਿਟ ਵੀ ਮੋਦੀ ਨੂੰ ਹੀ ਜਾਂਦਾ ਹੈ।

ਚੰਦੂਮਾਜਰਾ ਨੇ ਸ਼ਬਦੀ ਤੀਰ ਨਾਲ ਕਰਨੀ ਤਾਂ ਕਾਂਗਰਸ ਦੀ ਹੇਠੀ ਚਾਹੀ ਸੀ, ਪਰ ਉਹ ਘੁੰਮ ਕੇ ਆਪਣੀ ਹੀ ਭਾਈਵਾਲ ਦੇ ਜਾ ਵੱਜਾ ਅਤੇ ਉਨ੍ਹਾਂ ਦੇ ਕਹੇ ਮੁਤਾਬਕ ਕੈਪਟਨ ਦੀ 'ਕੁਰਬਾਨੀ' ਕਰਕੇ ਹੀ ਵਿੰਗ ਕਮਾਂਡਰ ਅਭਿਨੰਦਨ ਭਾਰਤ ਪਰਤੇ ਹਨ।