ਮੁੰਬਈ: ਮਹਾਰਾਸ਼ਟਰ ਨਵ ਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਨੇ ਲੋਕ ਸਭਾ ਚੋਣਾਂ ਤੇ ਪੁਲਵਾਮਾ ਹਮਲੇ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਆਮ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਪੁਲਵਾਮਾ ਹਮਲੇ ਦੀ ਤਰ੍ਹਾਂ ਇੱਕ ਹੋਰ ਅੱਤਵਾਦੀ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਪੀਐਮ ਮੋਦੀ ’ਤੇ ਨਿਸ਼ਾਨਾ ਕੱਸਦਿਆਂ ਉਨ੍ਹਾਂ ਦੇ ਰਾਫਾਲ ਹਵਾਈ ਜਹਾਜ਼ਾਂ ਬਾਰੇ ਦਿੱਤੇ ਬਿਆਨ ਨੂੰ ‘ਜਵਾਨਾਂ ਦਾ ਅਪਮਾਨ’ ਕਰਾਰ ਦਿੱਤਾ ਹੈ।

ਯਾਦ ਰਹੇ ਕਿ ਪੀਐਮ ਮੋਦੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਜੇ ਬਾਲਾਕੋਟ ਵਿੱਚ ਏਅਰ ਸਟ੍ਰਾਈਕ ’ਚ ਰਾਫਾਲ ਜਹਾਜ਼ ਇਸਤੇਮਾਲ ਕੀਤਾ ਗਿਆ ਹੁੰਦਾ ਤਾਂ ਅੱਤਵਾਦੀਆਂ ਦੇ ਟਿਕਾਣਿਆਂ ’ਤੇ ਹੋਰ ਗੋਲ਼ੀਬਾਰੀ ਕੀਤੀ ਜਾ ਸਕਦੀ ਸੀ।

ਦਰਅਸਲ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ 13ਵੇਂ ਸਥਾਪਨਾ ਦਿਵਸ ਮੌਕੇ ਰਾਜ ਠਾਕਰੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਸਕਦੇ ਹਨ। ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ 14 ਫਰਵਰੀ ਨੂੰ ਹੋਏ ਆਤਮਘਾਤੀ ਹਮਲੇ ਵਿੱਚ ਸੀਆਰਪੀਐਫ ਦੇ ਘੱਟੋ-ਘੱਟ 40 ਜਵਾਨ ਸ਼ਹੀਦ ਹੋ ਗਏ ਸੀ।

ਠਾਕਰੇ ਨੇ ਇਲਜ਼ਾਮ ਲਾਇਆ ਕਿ ਪੁਲਵਾਮਾ ਹਮਲੇ ਤੋਂ ਪਹਿਲਾਂ ਖੁਫੀਆ ਏਜੰਸੀਆਂ ਦੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਲਾਕੋਟ ਵਿੱਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਦੱਸਣ ਲਈ ਬੀਜੇਪੀ ਪ੍ਰਧਾਨ ਅਮਿਤ ਸ਼ਾਹ ’ਤੇ ਹਮਲਾ ਬੋਲਦਿਆਂ ਠਾਕਰੇ ਨੇ ਕਿਹਾ ਕਿ ਕੀ ਸ਼ਾਹ ਹਵਾਈ ਹਮਲਿਆਂ ਦੌਰਾਨ ਕੋ-ਪਾਇਲਟ ਸਨ। ਅਮਿਤ ਸ਼ਾਹ ਨੇ ਏਅਰ ਸਟ੍ਰਾਈਕ ਦੌਰਾਨ 250 ਅੱਤਵਾਦੀ ਮਾਰੇ ਜਾਣ ਦਾ ਦਾਅਵਾ ਕੀਤਾ ਸੀ।