President Of India Controversy: ਜੀ-20 ਸੰਮੇਲਨ ਦੌਰਾਨ ਰਾਸ਼ਟਰਪਤੀ ਭਵਨ 'ਚ ਹੋਣ ਵਾਲੇ ਡਿਨਰ ਲਈ ਸੱਦਾ ਪੱਤਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਰਾਸ਼ਟਰਪਤੀ ਭਵਨ 'ਚ 9 ਸਤੰਬਰ ਨੂੰ ਹੋਣ ਵਾਲੇ ਜੀ-20 ਡਿਨਰ ਲਈ ਸੱਦਾ ਪੱਤਰ 'ਚ 'ਪ੍ਰੈਜ਼ੀਡੈਂਟ ਆਫ ਇੰਡੀਆ' ਦੀ ਥਾਂ 'ਪ੍ਰੈਜ਼ੀਡੈਂਟ ਆਫ ਭਾਰਤ' ਲਿਖਿਆ ਗਿਆ ਹੈ।


ਇਸ 'ਤੇ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ, " ਤਾਂ ਇਹ ਖਬਰ ਵਾਕਿਆ ਹੀ ਸੱਚ ਹੈ।" ਰਾਸ਼ਟਰਪਤੀ ਭਵਨ ਨੇ 9 ਸਤੰਬਰ ਨੂੰ ਹੋਣ ਵਾਲੇ ਜੀ-20 ਡਿਨਰ ਲਈ ਆਮ ''President Of India' ਦੀ ਬਜਾਏ 'President Of Bharat' ਦੇ ਨਾਂ 'ਤੇ ਸੱਦਾ ਭੇਜਿਆ ਗਿਆ ਹੈ। ਸੰਵਿਧਾਨ ਦੇ ਆਰਟੀਕਲ 1 ਵਿੱਚ ਲਿਖਿਆ ਹੈ ਕਿ 'ਭਾਰਤ, ਜੋ ਇੰਡੀਆ ਹੈ, ਰਾਜਾਂ ਦਾ ਸੰਘ ਹੋਵੇਗਾ'। ਪਰ ਹੁਣ ਇਸ 'ਰਾਜਾਂ ਦੇ ਸਮੂਹ' 'ਤੇ ਵੀ ਹਮਲੇ ਹੋ ਰਹੇ ਹਨ।


ਭਾਰਤ ਸ਼ਬਦ ਕਿਉਂ ਚਰਚਾ 'ਚ?
ਦਰਅਸਲ, ਵਿਰੋਧੀ ਪਾਰਟੀਆਂ ਨੇ ਮੋਦੀ ਸਰਕਾਰ ਖਿਲਾਫ ਇੱਕ ਗਠਜੋੜ ਬਣਾਇਆ ਹੈ, ਜਿਸ ਦਾ ਨਾਮ ਹੈ 'I.N.D.I.A' ਹੈ। ਵਿਰੋਧੀ ਗਠਜੋੜ ਦੇ ਨਾਂ ਦਾ ਐਲਾਨ ਹੁੰਦਿਆਂ ਹੀ 'ਇੰਡੀਆ' ਸ਼ਬਦ ਚਰਚਾ 'ਚ ਹੈ। ਭਾਜਪਾ ਨੇਤਾ ਗਠਜੋੜ ਦੇ ਨਾਂ ਨੂੰ ਲੈ ਕੇ ਵਿਰੋਧੀ ਧਿਰ 'ਤੇ ਲਗਾਤਾਰ ਹਮਲੇ ਕਰ ਰਹੇ ਹਨ।


ਭਾਜਪਾ ਦੇ ਸੰਸਦ ਮੈਂਬਰ ਹਰਨਾਥ ਸਿੰਘ ਯਾਦਵ ਨੇ ਮੰਗਲਵਾਰ (5 ਸਤੰਬਰ) ਨੂੰ ਕਿਹਾ ਕਿ ਪੂਰਾ ਦੇਸ਼ ਮੰਗ ਕਰ ਰਿਹਾ ਹੈ ਕਿ ਸਾਨੂੰ ਇੰਡੀਆ ਦੀ ਬਜਾਏ ਭਾਰਤ ਸ਼ਬਦ ਦੀ ਵਰਤੋਂ ਕਰਨੀ ਚਾਹੀਦੀ ਹੈ। ਅੰਗਰੇਜ਼ਾਂ ਨੇ ਇੰਡੀਆ ਸ਼ਬਦ ਨੂੰ ਸਾਡੇ ਲਈ ਗਾਲ੍ਹਾਂ ਵਜੋਂ ਵਰਤਿਆ, ਜਦੋਂਕਿ ਭਾਰਤ ਸ਼ਬਦ ਸਾਡੇ ਸੱਭਿਆਚਾਰ ਦਾ ਪ੍ਰਤੀਕ ਹੈ। ਮੈਂ ਚਾਹੁੰਦਾ ਹਾਂ ਕਿ ਸੰਵਿਧਾਨ ਵਿੱਚ ਬਦਲਾਅ ਕੀਤਾ ਜਾਵੇ ਤੇ ਇਸ ਵਿੱਚ ਭਾਰਤ ਸ਼ਬਦ ਜੋੜਿਆ ਜਾਵੇ।


ਭਾਰਤ ਦੇ ਸੰਵਿਧਾਨ 'ਚੋਂ 'ਇੰਡੀਆ' ਸ਼ਬਦ ਹਟਾਏਗੀ ਸਰਕਾਰ?
ਕੇਂਦਰ ਸਰਕਾਰ ਨੇ 18 ਤੋਂ 22 ਸਤੰਬਰ ਤੱਕ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਇਸ ਦੌਰਾਨ ਸਰਕਾਰ ਸੰਸਦ 'ਚ ਕਈ ਵਿਸ਼ੇਸ਼ ਬਿੱਲ ਪੇਸ਼ ਕਰ ਸਕਦੀ ਹੈ। ਨਿਊਜ਼ ਏਜੰਸੀ ਆਈਏਐਨਐਸ ਮੁਤਾਬਕ ਭਾਰਤ ਦੇ ਸੰਵਿਧਾਨ ਵਿੱਚੋਂ ‘ਇੰਡੀਆ’ ਸ਼ਬਦ ਨੂੰ ਹਟਾਉਣਾ ਵੀ ਮੋਦੀ ਸਰਕਾਰ ਦੇ ਏਜੰਡੇ ਵਿੱਚ ਸ਼ਾਮਲ ਹੋ ਸਕਦਾ ਹੈ। ਸੰਸਦ ਦੇ ਆਗਾਮੀ ਵਿਸ਼ੇਸ਼ ਸੈਸ਼ਨ ਦੇ ਏਜੰਡੇ ਦਾ ਅਧਿਕਾਰਤ ਤੌਰ 'ਤੇ ਐਲਾਨ ਹੋਣਾ ਬਾਕੀ ਹੈ।


ਦੱਸ ਦੇਈਏ ਕਿ ਹਾਲ ਹੀ 'ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਲੋਕਾਂ ਨੂੰ 'ਇੰਡੀਆ' ਦੀ ਬਜਾਏ 'ਭਾਰਤ' ਨਾਂ ਦੀ ਵਰਤੋਂ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਇਸ ਦੇਸ਼ ਦਾ ਨਾਂ ਸਦੀਆਂ ਤੋਂ ਭਾਰਤ ਰਿਹਾ ਹੈ। ਇਸ ਲਈ ਸਾਨੂੰ ਇਸ ਦਾ ਪੁਰਾਣਾ ਨਾਮ ਹੀ ਵਰਤਣਾ ਚਾਹੀਦਾ ਹੈ।