Crime News: ਹਰਿਆਣਾ ਦੇ ਬਹਾਦਰਗੜ੍ਹ 'ਚ ਪਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਕਰਨ ਤੋਂ ਮਹਿਲਾ ਦੀ ਲਾਸ਼ ਨੂੰ ਬੋਰੀ ਵਿੱਚ ਪਾ ਕੇ ਪਤੀ ਫਰਾਰ ਹੋ ਗਿਆ। ਮ੍ਰਿਤਕਾ ਦੀ ਪਛਾਣ 30 ਸਾਲਾ ਰਾਜਨ ਸ਼੍ਰੀ ਵਜੋਂ ਹੋਈ ਹੈ। ਰਾਜਨ ਸ਼੍ਰੀ ਦੇ ਕਤਲ ਤੋਂ ਪਹਿਲਾਂ ਪਤੀ ਘਨਸ਼ਿਆਮ ਆਪਣੇ ਚਾਰ ਬੱਚਿਆਂ ਨੂੰ ਆਗਰਾ ਸਥਿਤ ਆਪਣੇ ਜੱਦੀ ਪਿੰਡ ਛੱਡ ਆਇਆ ਸੀ। ਘਨਸ਼ਿਆਮ ਗਲੀਆਂ 'ਚ ਰੇਹੜੀ ਲਾ ਕੇ ਧੂਪ ਵੇਚਣ ਦਾ ਕੰਮ ਕਰਦਾ ਹੈ।



ਹਾਸਲ ਜਾਣਕਾਰੀ ਮੁਤਾਬਕ ਇੱਕ ਮਹਿਲਾ ਦੀ ਲਾਸ਼ ਬੰਦ ਘਰ 'ਚ ਇੱਕ ਬੋਰੀ ਵਿੱਚੋਂ ਮਿਲੀ। ਘਰ 'ਚੋਂ ਤੇਜ਼ ਬਦਬੂ ਆਉਣ 'ਤੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਜਦੋਂ ਬੋਰੀ ਨੂੰ ਖੋਲ੍ਹਿਆ ਗਿਆ ਤਾਂ ਅੰਦਰ ਰਾਜਨ ਸ਼੍ਰੀ ਦੀ ਲਾਸ਼ ਸੀ। ਮਾਮਲਾ ਬਹਾਦਰਗੜ੍ਹ ਦੇ ਲਾਈਨਪਾਰ ਇਲਾਕੇ ਦੇ ਸ਼ੰਕਰ ਗਾਰਡਨ ਦੀ ਗਲੀ ਨੰਬਰ 7 ਦਾ ਹੈ।



ਬਹਾਦਰਗੜ੍ਹ ਦੇ ਲਾਈਨਪਾਰ ਥਾਣਾ ਇੰਚਾਰਜ ਰਾਮਕਰਨ ਨੇ ਦੱਸਿਆ ਕਿ ਮ੍ਰਿਤਕਾ ਆਪਣੇ ਪਤੀ ਘਨਸ਼ਿਆਮ ਨਾਲ ਕਾਫੀ ਸਮਾਂ ਪਹਿਲਾਂ ਇੱਥੇ ਰਹਿਣ ਆਈ ਸੀ। ਕੁਝ ਦਿਨ ਪਹਿਲਾਂ ਘਨਸ਼ਿਆਮ ਆਪਣੇ ਚਾਰ ਬੱਚਿਆਂ ਨੂੰ ਜੱਦੀ ਪਿੰਡ ਆਗਰਾ, ਉੱਤਰ ਪ੍ਰਦੇਸ਼ ਵਿਖੇ ਛੱਡ ਆਇਆ ਸੀ। ਉਸ ਤੋਂ ਬਾਅਦ ਉਸ ਨੇ ਸ਼ੰਕਰ ਗਾਰਡਨ ਵਿੱਚ ਆਪਣਾ ਘਰ ਖਾਲੀ ਕਰ ਦਿੱਤਾ। ਪਿਛਲੇ ਦੋ ਦਿਨਾਂ ਤੋਂ ਘਰ ਦਾ ਦਰਵਾਜ਼ਾ ਬੰਦ ਸੀ। ਘਰ 'ਚੋਂ ਬਦਬੂ ਆਉਣ 'ਤੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। 



ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਨੂੰ ਰਾਜਨ ਸ਼੍ਰੀ ਦੀ ਲਾਸ਼ ਇੱਕ ਬੋਰੀ 'ਚ ਪਈ ਮਿਲੀ। ਪਹਿਲੀ ਨਜ਼ਰੇ ਰਾਜਨ ਸ਼੍ਰੀ ਦਾ ਗਲਾ ਘੁੱਟ ਕੇ ਕਤਲ ਕਰਨ ਮਗਰੋਂ ਉਸ ਦੀ ਲਾਸ਼ ਬੋਰੀ ਵਿੱਚ ਪਾਉਣ ਦਾ ਮਾਮਲਾ ਜਾਪਦਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫੋਰੈਂਸਿਕ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। ਗਲੀ-ਸੜੀ ਹਾਲਤ 'ਚ ਲਾਸ਼ ਨੂੰ ਪੋਸਟਮਾਰਟਮ ਲਈ ਬਹਾਦਰਗੜ੍ਹ ਜਨਰਲ ਹਸਪਤਾਲ ਭੇਜ ਦਿੱਤਾ ਗਿਆ ਹੈ। ਰਾਜਨ ਸ਼੍ਰੀ ਦੇ ਰਿਸ਼ਤੇਦਾਰਾਂ ਨੂੰ ਵੀ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।



ਪੁਲਿਸ ਘਨਸ਼ਿਆਮ ਗਲੀਆਂ 'ਚ ਰੇਹੜੀ ਲਗਾ ਕੇ ਧੂਪ ਸਟਿਕਸ ਵੇਚਦਾ ਸੀ। ਘਟਨਾ ਦੇ ਬਾਅਦ ਉਹ ਫਰਾਰ ਹੈ। ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਰਾਜਨ ਸ਼੍ਰੀ ਦੇ ਕਤਲ ਪਿੱਛੇ ਕੀ ਕਾਰਨ ਹੈ? ਇਸ ਦਾ ਖੁਲਾਸਾ ਘਨਸ਼ਿਆਮ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਹੋ ਸਕੇਗਾ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮੁਲਜ਼ਮ ਪਤੀ ਆਪਣੀ ਪਤਨੀ ਦੀ ਲਾਸ਼ ਨੂੰ ਖੁਰਦ-ਬੁਰਦ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਲਾਸ਼ ਨੂੰ ਬੋਰੀ ਵਿੱਚ ਬੰਦ ਕੀਤਾ ਸੀ।