ਨਵੀਂ ਦਿੱਲੀ: ਭਾਰਤ ਇੱਕ ਪਾਸੇ ਮੰਦੀ ਦੀ ਮਾਰ ਸਹਿ ਰਿਹਾ ਹੈ ਤੇ ਦੂਜੇ ਪਾਸੇ ਆਮ ਲੋਕਾਂ ਦਾ ਜਿਉਣਾ ਮਹਿੰਗਾਈ ਨੇ ਮੁਹਾਲ ਕੀਤਾ ਹੋਇਆ ਹੈ। ਸਰਕਾਰ ਨੇ ਮੰਨਿਆ ਹੈ ਕਿ ਮੰਦੀ ਦੇ ਬਾਵਜੂਦ ਖਾਣ ਵਾਲੀਆਂ 20 ਜ਼ਰੂਰੀ ਚੀਜ਼ਾਂ ਦੇ ਰੇਟਾਂ ਵਿੱਚ ਕਾਫੀ ਵਾਧਾ ਹੋਇਆ ਹੈ।


ਸਰਕਾਰੀ ਰਿਪੋਰਟ ਮੁਤਾਬਕ ਪਿਆਜ਼ ਦੀਆਂ ਕੀਮਤਾਂ ਵਿੱਚ ਜਨਵਰੀ ਤੋਂ ਦਸੰਬਰ ਤੱਕ ਵੱਡਾ ਫਰਕ ਦੇਖਣ ਨੂੰ ਮਿਲਿਆ ਹੈ। ਦੇਸ਼ ਦੇ ਕੁਝ ਹਿੱਸਿਆਂ ਵਿੱਚ ਪਿਆਜ਼ ਦੀਆਂ ਕੀਮਤਾਂ 200 ਰੁਪਏ ਪ੍ਰਤੀ ਕਿਲੋ ਤੱਕ ਹਨ। ਨਵੰਬਰ ਤੇ ਦਸੰਬਰ ਦੌਰਾਨ ਔਸਤਨ ਮਹੀਨਾਵਾਰ ਕੀਮਤ ਜਨਵਰੀ ਵਿੱਚ 18 ਰੁਪਏ ਦੇ ਮੁਕਾਬਲੇ ਵਧ ਕੇ 81 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

ਪਿਆਜ਼ ਤੋਂ ਲੈ ਕੇ ਚਾਵਲ ਤੱਕ ਦੀਆਂ ਵਧਦੀਆਂ ਕੀਮਤਾਂ ਨੇ ਦੇਸ਼ ਵਿੱਚ ਹਾਹਾਕਾਰ ਮਚਾਈ ਹੋਈ ਹੈ। ਇਸੇ ਦੇ ਚੱਲਦਿਆਂ ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ਤੋਂ ਪਤਾ ਲੱਗਦਾ ਹੈ ਕੇ ਖਾਣ-ਪੀਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਕਾਫ਼ੀ ਇਜ਼ਾਫਾ ਹੋਇਆ ਹੈ।

ਪਿਆਜ਼ ਤੋਂ ਇਲਾਵਾ ਉੜਦ ਦੀ ਦਾਲ ਵਿੱਚ 23 ਰੁਪਏ ਦਾ ਵਾਧਾ ਹੋਇਆ ਹੈ। ਹੁਣ ਦਾਲ ਦੀ ਕੀਮਤ 95 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਆਟੇ ਦੀਆਂ ਕੀਮਤਾਂ ਵਿੱਚ ਵੀ 40% ਵਾਧਾ ਹੋਇਆ ਹੈ।