ਨਵੀਂ ਦਿੱਲੀ: ਮੱਧ ਪ੍ਰਦੇਸ਼ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਮਹਿਲਾ ਵਿਆਹ ਤੋਂ ਦੋ ਹਫਤੇ ਬਾਅਦ ਵਿਆਹ ਕਰਵਾਉਣ ਆਏ ਪੰਡਤ ਨਾਲ ਫਰਾਰ ਹੋ ਗਈ। ਘਟਨਾ ਸਿਰੋਂਜ ਦੇ ਪਿੰਡ ਟੋਰੀ ਬਾਗਰੋਦ ਦੀ ਹੈ। ਇੱਥੇ ਦੁਲਹਨ ਉਸ ਪੰਡਤ ਨਾਲ ਭੱਜ ਗਈ ਜੋ ਉਸ ਦੇ ਵਿਆਹ ‘ਚ ਮੰਤਰ ਪੜ੍ਹ ਕੇ ਗਿਆ ਸੀ।

ਵਿਨੋਦ ਮਹਾਰਾਜ ਨਾਂ ਦੇ ਪੰਡਤ ਨੇ ਬੀਤੀ ਸੱਤ ਮਈ ਨੂੰ ਇਸ ਮਹਿਲਾ ਦਾ ਵਿਆਹ ਗੰਜਬਾਸੌਦਾ ਦੇ ਪਿੰਡ ਆਸਟ ਦੇ ਨੌਜਵਾਨ ਨਾਲ ਕਰਵਾਇਆ ਸੀ। ਇਸ ਤੋਂ ਬਾਅਦ ਉਹੀ ਪੰਡਤ ਇਸੇ ਖੇਤਰ ‘ਚ 23 ਮਈ ਨੂੰ ਇੱਕ ਹੋਰ ਵਿਆਹ ਕਰਵਾਉਣ ਆਏ ਪਰ ਗਾਇਬ ਹੋ ਗਏ। ਪੰਡਤ ਦੀ ਭਾਲ ਕਰਦੇ ਸਮੇਂ ਪਤਾ ਲੱਗਿਆ ਕਿ ਇੱਕ 21 ਸਾਲਾ ਔਰਤ ਵੀ ਲਾਪਤਾ ਹੈ।

ਇਸ ਤੋਂ ਬਾਅਦ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ‘ਚ ਸ਼ਿਕਾਇਤ ਕੀਤੀ ਤੇ ਜਾਂਚ ‘ਚ ਪਤਾ ਲੱਗਿਆ ਕਿ ਪੰਡਤ ਤੇ ਔਰਤ ਦੋ ਸਾਲ ਤੋਂ ਰਿਸ਼ਤੇ ‘ਚ ਸੀ। ਪੰਡਤ ਪਹਿਲਾਂ ਤੋਂ ਵਿਆਹੁਤਾ ਹੈ ਜਿਸ ਦੇ ਦੋ ਬੱਚੇ ਵੀ ਹਨ। ਇਸ ਤੋਂ ਇਲਾਵਾ ਔਰਤ 30 ਹਜ਼ਾਰ ਰੁਪਏ ਕੈਸ਼ ਤੇ 1.5 ਲੱਖ ਰੁਪਏ ਦੇ ਗਹਿਣੇ ਲੈ ਕੇ ਭੱਜੀ ਹੈ। ਪੁਲਿਸ ਦੋਵਾਂ ਦੀ ਭਾਲ ਕਰ ਰਹੀ ਹੈ।