ਨਵੀਂ ਦਿੱਲੀ: ‘ਲਗਾ ਭੀ ਦੀਆ ਔਰ ਪਤਾ ਭੀ ਨਹੀਂ ਚਲਾ’ ਇਹ ਗੱਲ ਅੱਜ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਵਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖੀ। ਪ੍ਰਧਾਨ ਮੰਤਰੀ ਨੇ ਅੱਜ ਸਵੇਰੇ ਛੇਤੀ ਹੀ ਇਹ ਵੈਕਸੀਨ ਲਵਾਉਣ ਦਾ ਫ਼ੈਸਲਾ ਕੀਤਾ ਸੀ; ਤਾਂ ਜੋ ਦਿਨ ਵੇਲੇ ਉਨ੍ਹਾਂ ਦੇ ਸੁਰੱਖਿਆ ਪ੍ਰੋਟੋਕੋਲਜ਼ ਕਾਰਨ ਆਮ ਜਨਤਾ ਨੂੰ ਕੋਈ ਔਖਿਆਈ ਪੇਸ਼ ਨਾ ਹੋਵੇ।



 

ਨਵੇਂ ਦਿੱਲੀ ਦੇ ‘ਏਮਸ’ (AIIMS ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼) ’ਚ ਨਰਸਿੰਗ ਅਧਿਕਾਰੀ ਪੀ. ਨਿਵੇਦਾ ਉਦੋਂ ਬਹੁਤ ਹੈਰਾਨ ਹੋਏ, ਜਦੋਂ ਉਨ੍ਹਾਂ ਨੂੰ ਪ੍ਰਧਾਨ ਨੂੰ ਵੈਕਸੀਨ ਦੇਣ ਲਈ ਕਿਹਾ ਗਿਆ।

 

ਹਸਪਤਾਲ ’ਚ ਉਸ ਤੋਂ ਪਹਿਲਾਂ ਕਿਸੇ ਨੂੰ ਵੀ ਇਹ ਜਾਣਕਾਰੀ ਨਹੀਂ ਸੀ ਕਿ ਅੱਜ ਟੀਕਾ ਲਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਣਾ ਹੈ। ਸਿਸਟਰ ਨਿਵੇਦਾ ਨੂੰ ਵੀ ਟੀਕਾ ਲਾਏ ਜਾਣ ਤੋਂ ਸਿਰਫ਼ ਕੁਝ ਮਿੰਟ ਪਹਿਲਾਂ ਹੀ ਇਸ ਬਾਰੇ ਜਾਣਕਾਰੀ ਮਿਲੀ।

 

ਸਿਸਟਰ ਨਿਵੇਦਾ ਨੇ ਦੱਸਿਆ,‘ਮੇਰੀ ਡਿਊਟੀ ਵੈਕਸੀਨ ਸੈਂਟਰ ’ਚ ਲੱਗੀ ਹੋਈ ਹੈ। ਮੈਨੂੰ ਅਚਾਨਕ ਸੱਦ ਕੇ ਦੱਸਿਆ ਗਿਆ ਅੱਜ ਪ੍ਰਧਾਨ ਮੰਤਰੀ ਸਰ ਆ ਰਹੇ ਹਨ। PM ਸਰ ਨੂੰ ਮਿਲਣ ਦਾ ਉਹ ਮਹਾਨ ਛਿਣ ਹੈਰਾਨੀ ਤੇ ਮਾਣ ਭਰਪੂਰ ਸੀ।’

 

ਪ੍ਰਧਾਨ ਮੰਤਰੀ ਟੀਕਾ ਲਗਵਾਉਦ ਲਈ ਸਵੇਰੇ 6:30 ਵਜੇ ਹੀ AIIMS ਪੁੱਜ ਗਏ ਸਨ। ਦੱਸ ਦੇਈਏ ਕਿ ਅੱਜ ਸੋਮਵਾਰ ਤੋਂ 60 ਸਾਲਾਂ ਦੀ ਉਮਰ ਤੋਂ ਉੱਪਰ ਵਾਲੇ ਤੇ 45 ਸਾਲ ਤੋਂ ਵੱਧ ਦੇ ਹੋਰ ਬਿਮਾਰੀਆਂ ਨਾਲ ਜੂਝ ਰਹੇ 27 ਕਰੋੜ ਵਿਅਕਤੀਆਂ ਦੇ ਟੀਕਾਕਰਣ ਦੀ ਸ਼ੁਰੂਆਤ ਹੋ ਗਈ ਹੈ।

 

ਸਿਸਟਰ ਨਿਵੇਦਾ ਮੂਲ ਰੂਪ ਵਿੱਚ ਪੁੱਡੂਚੇਰੀ ਤੋਂ ਹਨ ਤੇ ਉਹ ਪਿਛਲੇ ਤਿੰਨ ਸਾਲ ਤੋਂ ਦਿੱਲੀ ਦੇ ਇਸ ਹਸਪਤਾਲ ’ਚ ਕੰਮ ਕਰ ਰਹੇ ਹਨ। ਸਿਸਟਰ ਨਿਵੇਦਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਉੱਥੇ ਸਟਾਫ਼ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਡੋਜ਼ ਲੈਣ ਤੋਂ ਬਾਅਦ ਕਿਹਾ ‘ਲਗਾ ਭੀ ਦੀਆ ਔਰ ਪਤਾ ਭੀ ਨਹੀਂ ਲਗਾ।’