ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਜਾਂ ਤਾਂ 2000 ਦੇ ਨੋਟ ਵਾਪਸ ਲੈ ਸਕਦਾ ਹੈ ਤੇ ਜਾਂ ਫਿਰ ਇਸ ਦੀ ਹੋਰ ਛਪਾਈ ਬੰਦ ਕਰ ਸਕਦਾ ਹੈ। ਸਟੇਟ ਬੈਂਕ ਆਫ ਇੰਡੀਆ ਦੀ ਸਾਲਾਨਾ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਐਸਬੀਆਈ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਅਸੀਂ ਇਹ ਵੇਖਿਆ ਹੈ ਕਿ ਮਾਰਚ 2017 ਤੱਕ 3501 ਅਰਬ ਰੁਪਏ ਦੇ ਛੋਟੇ ਨੋਟ ਬਾਜ਼ਾਰ ਵਿੱਚ ਸਨ। 8 ਦਸੰਬਰ ਤੱਕ 13,324 ਅਰਬ ਰੁਪਏ ਤੱਕ ਦੀ ਵੱਡੀ ਰਕਮ ਦੇ ਨੋਟ ਬਾਜ਼ਾਰ ਵਿੱਚ ਸਨ।
ਲੋਕ ਸਭਾ ਵਿੱਚ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਆਰਬੀਆਈ ਨੇ ਹੁਣ ਤੱਕ 500 ਰੁਪਏ ਦੇ 16,957 ਕਰੋੜ ਨੋਟ ਤੇ 2000 ਦੇ 3654 ਕਰੋੜ ਨਵੇਂ ਨੋਟਾਂ ਦੀ ਛਪਾਈ ਕੀਤੀ ਹੈ। ਇਨ੍ਹਾਂ ਸਾਰਿਆਂ ਨੋਟਾਂ ਦੀ ਕੁੱਲ ਰਕਮ 15,787 ਅਰਬ ਰੁਪਏ ਹੈ। ਇਸ ਮੁਤਾਬਕ ਆਰਬੀਆਈ ਨੇ 2463 ਅਰਬ ਰੁਪਏ ਦੀ ਜ਼ਿਆਦਾ ਛਪਾਈ ਕੀਤੀ।
ਐਸਬੀਆਈ ਦੀ ਮੁੱਖ ਆਰਥਿਕ ਸਲਾਹਕਾਰ ਸੌਮਿਆ ਕਾਂਤੀ ਘੋਸ਼ ਨੇ ਕਿਹਾ ਕਿ ਆਰਬੀਆਈ ਵੱਲੋਂ ਜਿੰਨੇ ਜ਼ਿਆਦਾ ਨੋਟ ਛਾਪੇ ਗਏ ਹਨ, ਉਨ੍ਹਾਂ ਨੂੰ ਬਾਜ਼ਾਰ ਵਿੱਚ ਨਹੀਂ ਲਿਆਂਦਾ ਜਾਵੇਗਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਮ ਤੌਰ 'ਤੇ ਵੇਖਿਆ ਜਾ ਰਿਹਾ ਹੈ ਕਿ 2000 ਰੁਪਏ ਦੇ ਨੋਟ ਨਾਲ ਲੈਣ-ਦੇਣ ਕਰਨਾ ਮੁਸ਼ਕਲ ਹੋ ਰਿਹਾ ਹੈ। ਹੁਣ ਅਜਿਹਾ ਲੱਗ ਰਿਹਾ ਹੈ ਕਿ ਜਾਂ ਤਾਂ ਆਰਬੀਆਈ ਨੇ 2000 ਦੇ ਨੋਟ ਛਾਪਣੇ ਬੰਦ ਕਰ ਦਿੱਤੇ ਹਨ ਜਾਂ ਇਨ੍ਹਾਂ ਦੀ ਗਿਣਤੀ ਘਟਾ ਦਿੱਤੀ ਹੈ।