ਚੰਡੀਗੜ੍ਹ: ਬਲਾਤਕਾਰ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਬਾਹਰ ਦਾ ਖਾਣਾ ਖਾਂਦਾ ਹੈ। ਇੰਨਾ ਹੀ ਨਹੀਂ ਇਸ ਖਾਣੇ ਨੂੰ ਪਹਿਲਾਂ ਜੇਲ੍ਹ ਅਧਿਕਾਰੀ ਖ਼ੁਦ ਖ਼ਾ ਕੇ ਚੈੱਕ ਕਰਦੇ ਹਨ ਤੇ ਫਿਰ ਡੇਰਾ ਮੁਖੀ ਨੂੰ ਪਰੋਸਿਆ ਜਾਂਦਾ ਹੈ। ਇਸ ਗੱਲ ਦਾ ਖ਼ੁਲਾਸਾ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕਤਲ ਕੇਸ ਵਿੱਚੋਂ ਜ਼ਮਾਨਤ ‘ਤੇ ਰਿਹਾਅ ਹੋ ਕੇ ਆਏ ਕੈਦੀ ਰਾਹੁਲ ਜੈਨ ਨੇ ਕੀਤਾ ਹੈ।
ਜ਼ਮਾਨਤ ਉੱਤੇ ਰਿਹਾਅ ਹੋਏ ਰਾਹੁਲ ਨੇ ਦੱਸਿਆ ਕਿ ਜਦੋਂ ਤੋਂ ਡੇਰਾ ਮੁਖੀ ਜੇਲ੍ਹ ਵਿੱਚ ਆਇਆ ਹੈ, ਕੈਦੀਆਂ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗ ਗਈਆਂ ਹਨ। ਉਸ ਨੇ ਕਿਹਾ ਕਿ ਕੈਦੀਆਂ ਦਾ ਕੈਦਖ਼ਾਨੇ ਤੋਂ ਬਾਹਰ ਘੁੰਮਣਾ ਬੰਦ ਹੋ ਗਿਆ ਹੈ। ਡੇਰਾ ਮੁਖੀ ਨੂੰ ਜੇਲ੍ਹ ਵਿੱਚ ਕਿਸੇ ਕੈਦੀ ਨੇ ਨਹੀਂ ਦੇਖਿਆ। ਰਾਹੁਲ ਨੇ ਦਾਅਵਾ ਕੀਤਾ ਹੈ ਕਿ ਜੇਲ੍ਹ ਵਿੱਚ ਜਿਹੜਾ ਅਖ਼ਬਾਰ ਪੜ੍ਹਨ ਨੂੰ ਮਿਲਦਾ ਹੈ, ਉਸ ਵਿੱਚੋਂ ਰਾਮ ਰਹੀਮ ਦੀਆਂ ਖ਼ਬਰਾਂ ਕੱਟ ਦਿੱਤੀਆਂ ਜਾਂਦੀਆਂ ਹਨ।
'ਦੈਨਿਕ ਭਾਸਕਰ' ਦੀ ਖਬਰ ਮੁਤਾਬਕ ਰਾਹੁਲ ਨੇ ਕਿਹਾ ਕਿ ਜੇਲ੍ਹ ਦੇ ਦੂਜੇ ਕੈਦੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਿਰਫ਼ 20 ਮਿੰਟ ਮਿਲਣ ਦਿੱਤਾ ਜਾਂਦਾ ਹੈ ਪਰ ਰਾਮ ਰਹੀਮ ਨੂੰ ਮਿਲਣ ਵਾਲਿਆਂ ਨੂੰ 1-1 ਘੰਟੇ ਤੋਂ ਜ਼ਿਆਦਾ ਦਾ ਸਮਾਂ ਮਿਲਦਾ ਹੈ। ਰਾਹੁਲ ਨੇ ਦੱਸਿਆ ਕਿ ਰਾਮ ਰਹੀਮ ਦੇ ਜੇਲ੍ਹ ਵਿੱਚ ਆਉਣ ਨਾਲ ਸਾਰੇ ਕੈਦੀਆਂ ਨੂੰ ਅੰਦਰ ਹੀ ਬੰਦ ਕਰ ਦਿੱਤਾ ਗਿਆ ਹੈ। ਕੈਦੀਆਂ ਨੂੰ ਮਿਲਣ ਦਾ ਸਮਾਂ ਖ਼ਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸ਼ੁਰੂ ਦੇ ਕਈ ਦਿਨ ਟੈਂਕੀ ਦਾ ਪਾਣੀ ਪੀਣਾ ਪਿਆ ਸੀ।