ਲਖਨਊ: ਬਾਲਾਕੋਟ ਹਮਲੇ ਨਾਲ ਜੁੜੀ ਗੁਪਤ ਤੇ ਬੇਹੱਦ ਸੰਵੇਦਨਸ਼ੀਲ ਜਾਣਕਾਰੀ ਇੱਕ ਪੱਤਰਕਾਰ ਕੋਲ ਹੋਣ ਦੇ ਇਲਜ਼ਾਮਾਂ ਤੋਂ ਬਾਅਦ ਵਿਰੋਧੀਆਂ ਨੇ ਮੋਦੀ ਸਰਕਾਰ 'ਤੇ ਸ਼ਬਦੀ ਹਮਲੇ ਤੇਜ਼ ਕਰ ਦਿੱਤੇ ਹਨ। ਵਿਰੋਧੀਆਂ ਨੇ ਸਵਾਲ ਚੁੱਕਦਿਆਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਕਿ ਹਮਲੇ ਨਾਲ ਜੁੜੀ ਜਾਣਕਾਰੀ ਪੱਤਰਕਾਰ ਤਕ ਕਿਵੇਂ ਪਹੁੰਚ ਗਈ। ਇਸ ਦੀ ਸੰਸਦੀ ਕਮੇਟੀ ਤੋਂ ਜਾਂਚ ਹੋਣੀ ਚਾਹੀਦੀ ਹੈ।


ਸਰਕਾਰ ਜਵਾਨਾਂ ਦੀ ਜ਼ਿੰਦਗੀ ਨਾਲ ਖੇਡ ਰਹੀ- ਪ੍ਰਿਯੰਕਾ


ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੀ ਮਹਾਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਕੇਂਦਰ 'ਤੇ ਸਵਾਲ ਚੁੱਕਦਿਆਂ ਨਿਸ਼ਾਨਾ ਸਾਧਿਆ ਹੈ। ਪ੍ਰਿਯੰਕਾ ਨੇ ਟਵੀਟ ਕਰਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਕਿਸਾਨਾਂ ਦੀ ਨਹੀਂ ਸੁਣ ਰਹੀ ਤੇ ਦੂਜੇ ਪਾਸੇ ਜਵਾਨਾਂ ਦੀ ਜ਼ਿੰਦਗੀ ਨਾਲ ਖੇਡ ਰਹੀ ਹੈ। ਜੈ ਜਵਾਨ ਜੈ ਕਿਸਾਨ ਸਾਡੇ ਦੇਸ਼ ਦਾ ਨਾਅਰਾ ਹੈ। ਸਿਰਫ਼ ਇਸ ਨੂੰ ਵਾਰ-ਵਾਰ ਦੁਹਰਾਉਣ ਨਾਲ ਕੰਮ ਨਹੀਂ ਚੱਲੇਗਾ। ਇਸ 'ਤੇ ਕਾਇਮ ਰਹਿਣਾ ਦੇਸ਼ ਦੇ ਸ਼ਹੀਦਾਂ ਪ੍ਰਤੀ ਹਰ ਲੀਡਰ ਦਾ ਨੈਤਿਕ ਫਰਜ਼ ਹੈ।





ਗੁਪਤ ਗੱਲਾਂ ਪੱਤਰਕਾਰ ਨੂੰ ਦੱਸੀਆਂ ਗਈਆਂ


ਦੂਜੇ ਟਵੀਟ 'ਚ ਪ੍ਰਿਯੰਕਾ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਨਾਲ ਜੁੜੀ ਅਤਿ ਗੁਪਤ ਜਾਣਕਾਰੀ ਪੱਤਰਕਾਰ ਨੂੰ ਦਿੱਤੀ ਗਈ। ਸਾਡੇ ਦੇਸ਼ ਦੇ ਵੀਰ ਜਵਾਨ ਸ਼ਹੀਦ ਹੋਏ। ਪੱਤਰਕਾਰ ਕਹਿੰਦਾ ਹੈ ਕਿ ਫਾਇਦਾ ਹੋਵੇਗਾ। ਰਾਸ਼ਟਰਵਾਦ ਦਾ ਦਾਅਵਾ ਕਰਨ ਵਾਲੇ ਦੇਸ਼ਧ੍ਰੋਹੀ ਕਾਰਨਾਮੇ ਕਰਦਿਆਂ ਫੜ੍ਹੇ ਗਏ। ਇਹ ਬਹੁਤ ਗੰਭੀਰ ਮਾਮਲਾ ਹੈ। ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।


ਚੈਟ ਸੋਸ਼ਲ ਮੀਡੀਆ 'ਤੇ ਲੀਕ


ਪੱਤਰਕਾਰ ਤੇ ਇਕ ਹੋਰ ਸ਼ਖਸ ਦੇ ਵਿਚ ਵਟਸਐਪ ਗੱਲਬਾਤ ਦੀ ਜੋ ਚੈਟ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ ਉਸ ਦੇ ਮੁਤਾਬਕ ਪੱਤਰਕਾਰ ਇਹ ਦਾਅਵਾ ਕਰਦਿਆਂ ਸੰਕੇਤ ਦਿੱਤਾ ਹੈ ਕਿ ਭਾਰਤ ਕੁਝ ਵੱਡਾ ਕਰਨ ਜਾ ਰਿਹਾ ਹੈ। ਇਹ ਕਾਰਵਾਈ ਇਕ ਆਮ ਹਮਲੇ ਨਾਲੋਂ ਵੱਡੀ ਹੋਵੇਗੀ। ਇਹ ਗੱਲਬਾਤ 23 ਫਰਵਰੀ, 2019 ਦੀ ਹੈ। ਇਸ ਗੱਲਬਾਤ ਦੇ ਕਰੀਬ ਤਿੰਨ ਦਿਨ ਬਾਅਦ ਹਵਾਈ ਫੌਜ ਨੇ ਪਾਕਿਸਤਾਨ ਦੇ ਬਾਲਾਕੋਟ 'ਚ ਏਅਰ ਸਟ੍ਰਾਇਕ ਕੀਤੀ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ