ਨਵੀਂ ਦਿੱਲੀ: ਕਾਂਗਰਸ ਜਨਰਲ ਸਕਤੱਰ ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੰਸ਼ਵਾਦ ਵਾਲੇ ਬਿਆਨ ‘ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਡਰਾਇਆ ਜਾ ਰਿਹਾ ਹੈ ਪਰ ਇੱਕ ਗੱਲ ਸਾਫ ਕਰ ਦੇਣਾ ਚਾਹੁੰਦੀ ਹਾਂ ਕਿ ਅਸੀਂ ਡਰਨ ਵਾਲੇ ਨਹੀਂ। ਜਿੰਨਾ ਡਰਾਉਗੇ, ਅਸੀਂ ਓਨੀ ਹੀ ਜ਼ੋਰ ਨਾਲ ਲੜਾਂਗੇ।


ਪ੍ਰਿਅੰਕਾ ਗਾਂਧੀ ਅੱਜ ਬੋਟ ਯਾਤਰਾ ਤਹਿਤ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਪਹੁੰਚੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇੱਕ ਬਲਾਗ ਲਿਖ ਕੇ ਕਾਂਗਰਸ ‘ਤੇ ਪਰਿਵਾਰਵਾਦ ਦੇ ਇਲਜ਼ਾਮ ਲਾਏ। ਉਨ੍ਹਾਂ ਲਿਖਿਆ, “ਭਾਰਤ ਨੇ ਦੇਖਿਆ ਹੈ ਕਿ ਜਦੋਂ ਵੀ ਵੰਸ਼ਵਾਦੀ ਰਾਜਨੀਤੀ ਹਾਵੀ ਹੁੰਦੀ ਹੈ ਤਾਂ ਉਸ ਨੇ ਦੇਸ਼ ਦੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦਾ ਕੰਮ ਕੀਤਾ।”

ਇਸ ‘ਤੇ ਪ੍ਰਿਅੰਕਾ ਗਾਂਧੀ ਨੇ ਕਿਹਾ, “ਬੀਜੇਪੀ ਨੇ ਪਿਛਲੇ ਪੰਜ ਸਾਲਾਂ ‘ਚ ਦੇਸ਼ ਦੀਆਂ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ। ਪੀਐਮ ਇਹ ਸੋਚਣਾ ਬੰਦ ਕਰ ਦੇਣ ਕੀ ਲੋਕ ਬੇਵਕੂਫ ਹਨ, ਉਨ੍ਹਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਲੋਕਾਂ ਨੂੰ ਸਭ ਸਮਝ ਹੈ।”

ਇਸ ਦੇ ਨਾਲ ਹੀ ਉਨ੍ਹਾਂ ਅੱਗੇ ਕਿਹਾ, “ਜੋ ਪੀਐਮ ਖਿਲਾਫ ਬੋਲਦੇ ਹਨ, ਉਨ੍ਹਾਂ ਨੂੰ ਡਰਾਇਆ ਜਾਂਦਾ ਹੈ। ਅਸੀਂ ਬਿਲਕੁਲ ਨਹੀਂ ਡਰਦੇ, ਭਾਵੇਂ ਕੁਝ ਵੀ ਹੋ ਜਾਵੇ। ਸਾਨੂੰ ਜਿੰਨਾ ਡਰਾਇਆ ਜਾਵੇਗਾ, ਅਸੀਂ ਓਨੀ ਹੀ ਤਾਕਤ ਨਾਲ ਲੜਾਂਗੇ।"