ਲਖਨਊ: ਕਾਂਗਰਸ ਦੀ ਜਨਰਲ ਸਕੱਤਰ ਬਣਨ ਮਗਰੋਂ ਪ੍ਰਿਅੰਕਾ ਗਾਂਧੀ ਵਾਡਰਾ ਸੋਮਵਾਰ ਨੂੰ ਪਹਿਲੀ ਵਾਰ ਉੱਤਰ ਪ੍ਰਦੇਸ਼ ਦੇ ਚਾਰ ਰੋਜ਼ਾ ਦੌਰੇ ਲਈ ਲਖਨਊ ਪਹੁੰਚੀ। ਇੱਥੇ ਹਵਾਈ ਅੱਡੇ ਤੋਂ ਉੱਤਰਦਿਆਂ ਹੀ ਉਨ੍ਹਾਂ ਦਾ ਰੋਡ ਸ਼ੋਅ ਸ਼ੁਰੂ ਹੋ ਗਿਆ। ਪ੍ਰਿਅੰਕਾ ਨਾਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਇੰਚਾਰਜ ਜੋਤੀਰਾਦਿੱਤਿਆ ਸਿੰਧੀਆ ਵੀ ਮੌਜੂਦ ਸਨ।
ਇਸ ਦੌਰਾਨ ਰਾਹੁਲ ਨੇ ਰੋਡ ਸ਼ੋਅ ਵਿਚਾਲੇ ਸੰਖੇਪ ਭਾਸ਼ਣ ਵੀ ਦਿੱਤਾ। ਉਨ੍ਹਾਂ ਕਿਹਾ ਕਿ ਉਹ ਬੈਕਫੁੱਟ 'ਤੇ ਖੇਡਣ ਵਾਲੇ ਨਹੀਂ ਹਨ। ਉਨ੍ਹਾਂ ਵਰਕਰਾਂ ਕੋਲੋਂ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ਵੀ ਲਵਾਏ। ਉਨ੍ਹਾਂ ਪੀਐਮ ਮੋਦੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ਦੇ ਚੌਕੀਦਾਰ ਨੇ ਉੱਤਰ ਪ੍ਰਦੇਸ਼, ਹੋਰ ਸੂਬਿਆਂ ਅਤੇ ਹਵਾਈ ਫੌਜ ਦਾ ਪੈਸਾ ਚੋਰੀ ਕੀਤਾ ਹੈ।
ਪ੍ਰਿਅੰਕਾ ਤੇ ਸਿੰਧੀਆ ਦਾ ਨਾਂ ਲੈਂਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਟੀਚਾ ਲੋਕ ਸਭਾ ਚੋਣਾਂ ਜ਼ਰੂਰ ਹੈ ਪਰ ਇਨ੍ਹਾਂ ਨੇ ਵਿਧਾਨ ਸਭਾ ਵਿੱਚ ਵੀ ਕਾਂਗਰਸ ਦੀ ਸਰਕਾਰ ਬਣਾਉਣੀ ਹੈ। ਜਦੋਂ ਤਕ ਕਾਂਗਰਸ ਦੀ ਸਰਕਾਰ ਨਹੀਂ ਬਣਦੀ, ਉਦੋਂ ਤਕ ਪ੍ਰਿਅੰਕਾ, ਸਿੰਧੀਆ ਤੇ ਉਹ ਆਪ ਲੜਦੇ ਰਹਿਣਗੇ।
ਪਹਿਲਾਂ ਕਿਹਾ ਜਾ ਰਿਹਾ ਸੀ ਕਿ ਪ੍ਰਿਅੰਕਾ ਚਾਰ ਦਿਨਾਂ ਤਕ ਲਖਨਊ ਰੁਕ ਕੇ ਪਾਰਟੀ ਨਾਲ ਸਬੰਧਤ ਕੰਮ ਕਰਨਗੇ ਪਰ ਤਾਜ਼ਾ ਜਾਣਕਾਰੀ ਮੁਤਾਬਕ ਉਹ ਅੱਜ ਸ਼ਾਮ ਹੀ ਜੈਪੁਰ ਲਈ ਰਵਾਨਾ ਹੋ ਜਾਣਗੇ ਕਿਉਂਕਿ ਮੰਗਲਵਾਰ ਨੂੰ ਜੈਪੁਰ ਵਿੱਚ ਈਡੀ ਵੱਲੋਂ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਤੇ ਸੱਸ ਮੌਰੀਨ ਵਾਡਰਾ ਕੋਲੋਂ ਪੁੱਛਗਿੱਛ ਕੀਤੀ ਜਾਏਗੀ। ਮੰਗਲਵਾਰ ਸਵੇਰੇ ਪ੍ਰਿਅੰਕਾ ਲਖਨਊ ਵਾਪਸ ਆ ਜਾਣਗੇ।