ਨਵੀਂ ਦਿੱਲੀ: ਇੰਟਰਨੈਟ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ 'ਚ ਸ਼ਖਸ ਕੁਝ ਲੜਕਿਆਂ ਦੇ ਪੈਰ ਛੂਹ ਰਿਹਾ ਹੈ। ਸ਼ਖਸ ਨੂੰ ਆਪਣੇ ਵੱਲ ਆਉਂਦਾ ਦੇਖ ਸਾਰੇ ਲੜਕੇ ਉਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਪੈਰ ਛੂੰਹਦਿਆਂ ਹੋਇਆ ਇਹ ਸ਼ਖਸ ਉਨ੍ਹਾਂ ਲੜਕਿਆਂ ਨੂੰ ਆਪਣੇ ਵੱਲ ਬੁਲਾ ਰਿਹਾ ਹੈ ਤੇ ਕਹਿ ਰਿਹਾ ਹੈ ਦੱਸੋ ਕਿਸ ਤੋਂ ਮੁਆਫੀ ਮੰਗਣੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਵਾਇਰਲ ਵੀਡੀਓ ਮੱਧ ਪ੍ਰਦੇਸ਼ 'ਚ ਮੰਦਸੌਰ ਜ਼ਿਲ੍ਹੇ ਦੇ ਕਾਲਜ ਦਾ ਹੈ ਤੇ ਵੀਡੀਓ 'ਚ ਪੈਰ ਛੂਹਣ ਵਾਲਾ ਕਾਲਜ ਦਾ ਪ੍ਰੋਫੈਸਰ ਹੈ। ਪ੍ਰੋਫੈਸਰ ਦਾ ਨਾਂ ਦਿਨੇਸ਼ ਗੁਪਤਾ ਦੱਸਿਆ ਜਾ ਰਿਹਾ ਹੈ। ਪ੍ਰੋਫੈਸਰ ਦਿਨੇਸ਼ ਗੁਪਤਾ ਜਿਹੜੇ ਲੜਕਿਆਂ ਦੇ ਪੈਰ ਛੂਹ ਰਹੇ ਹਨ, ਉਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੇ ਕਾਰਕੁਨ ਦੱਸੇ ਜਾ ਰਹੇ ਹਨ।
ਹਾਸਲ ਜਾਣਕਾਰੀ ਮੁਤਾਬਕ ਏਬੀਵੀਪੀ ਦੇ ਕੁਝ ਕਰਾਕੁਨ ਕਾਲਜ 'ਚ 'ਭਾਰਤ ਮਾਤਾ ਦੀ ਜੈ' ਜੇ ਨਾਅਰੇ ਲਾ ਰਹੇ ਸਨ। ਪ੍ਰੋ. ਦਿਨੇਸ਼ ਗੁਪਤਾ ਨੇ ਇਨ੍ਹਾਂ ਲੜਕਿਆਂ ਨੂੰ ਕਿਹਾ ਕਿ ਨਾਅਰੇ ਲਾਉਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਲਾਸ ਲੈਣ 'ਚ ਦਿੱਕਤ ਹੋ ਰਹੀ ਹੈ, ਇਸ ਲਈ ਨਾਅਰੇ ਬੰਦ ਕਰੋ। ਪ੍ਰੋ. ਵੱਲੋਂ ਰੋਕੇ ਜਾਣ 'ਤੇ ਏਬੀਵੀਪੀ ਦੇ ਕਾਰਕੁਨ ਗੁੱਸੇ 'ਚ ਭੜਕ ਉੱਠੇ। ਉਹ ਪ੍ਰੋਫੈਸਰ ਨੂੰ ਐਂਟੀ ਨੈਸ਼ਨਲ ਤੇ ਦੇਸ਼ਧ੍ਰੋਹੀ ਕਹਿਣ ਲੱਗੇ। ਇੰਨਾ ਹੀ ਨਹੀਂ ਇਨ੍ਹਾਂ ਨੇ ਪ੍ਰੋਫੈਸਰ ਨੂੰ ਕਿਹਾ ਕਿ ਉਹ ਉਸ 'ਤੇ ਦੇਸ਼ਧ੍ਰੋਹੀ ਦਾ ਮੁਕੱਦਮਾ ਦਰਜ ਕਰਾਉਣਗੇ।
ਲੜਕਿਆਂ ਦੇ ਇਸ ਵਤੀਰੇ ਦਾ ਜਵਾਬ ਪ੍ਰੋਫੈਸਰ ਨੇ ਗਾਂਧੀਵਾਦੀ ਤਰੀਕੇ ਨਾਲ ਦਿੱਤਾ। ਪ੍ਰੋ. ਗਾਂਧੀਵਾਦੀ ਰਵੱਈਆ ਅਪਣਾਉਂਦਿਆਂ ਉਨ੍ਹਾਂ ਲੜਕਿਆਂ ਦੇ ਪੈਰ ਛੂਹਣ ਲੱਗੇ ਤੇ ਉਨ੍ਹਾਂ ਤੋਂ ਮੁਆਫੀ ਮੰਗਣ ਲੱਗ ਗਏ। ਉਨ੍ਹਾਂ ਦਾ ਗਾਂਧੀਵਾਦੀ ਵਤੀਰਾ ਦੇਖ ਲੜਕੇ ਸ਼ਰਮਿੰਦਾ ਹੋ ਗਏ ਤੇ ਉਨ੍ਹਾਂ ਤੋਂ ਬਚਣ ਲੱਗੇ। ਪ੍ਰੋਫੈਸਰ ਫਿਰ ਵੀ ਨਾ ਰੁਕੇ ਤਾਂ ਉਹ ਏਬੀਵੀਪੀ ਦੇ ਕਾਰਕੁਨਾਂ ਨੂੰ ਲੱਭ-ਲੱਭ ਕੇ ਉਨ੍ਹਾਂ ਦੇ ਪੈਰ ਛੂਹਣ ਲੱਗੇ।