ਨਵੀਂ ਦਿੱਲੀ: 13,500 ਕਰੋੜ ਰੁਪਏ ਦੇ ਬੈਂਕ ਘੁਪਲੇ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਨੂੰ ਵੱਡਾ ਝਟਕਾ ਲੱਗਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨੀਰਵ ਮੋਦੀ ਦੀ ਦੇਸ਼ ਤੇ ਵਿਦੇਸ਼ ਵਿੱਚ 637 ਕਰੋੜ ਦੀ ਜਾਇਦਾਦ ਜ਼ਬਤ ਕਰ ਲਈ ਹੈ। ਚਾਰ ਦੇਸ਼ਾਂ ਵਿੱਚ ਕੀਤੀ ਇਸ ਕਾਰਵਾਈ ਕਾਰਨ ਭਗੌੜੇ ਹੀਰਾ ਕਾਰੋਬਾਰੀ ਘਪਲੇਬਾਜ਼ ਦਾ ਲੱਕ ਤੋੜ ਦਿੱਤਾ ਹੈ। ਅਮਰੀਕਾ ਦੇ ਨਿਊਯਾਰਕ, ਲੰਦਨ, ਸਿੰਗਾਪੁਰ ਤੇ ਮੁੰਬਈ ਵਿੱਚ ਨੀਰਵ ਮੋਦੀ ਤੇ ਉਸ ਦੇ ਰਿਸ਼ਤੇਦਾਰਾਂ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਨੀਰਵ ਮੋਦੀ ਮੇਹੁਲ ਚੌਕਸੀ ਦਾ ਭਾਣਜਾ ਹੈ। ਮਾਮੇ-ਭਾਣਜੇ 'ਤੇ ਪੰਜਾਬ ਨੈਸ਼ਨਲ ਬੈਂਕ ਨੂੰ ਲੁੱਟਣ ਦਾ ਦੋਸ਼ ਹੈ। ਦੋਵਾਂ ਨੇ ਬੈਂਕ ਵਿੱਚ ਘਪਲੇ ਕਰ ਕੇ ਕਾਲ਼ੇ ਧਨ ਨੂੰ ਨੀਰਵ ਮੋਦੀ ਤੇ ਉਸ ਦੇ ਰਿਸ਼ਤੇਦਾਰਾਂ ਨੇ ਦੇਸ਼ ਤੇ ਵਿਦੇਸ਼ ਵਿੱਚ ਜਾਇਦਾਦਾਂ ਬਣਾਈਆਂ ਸਨ। ਇੱਥੋਂ ਤਕ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਜਾਇਦਾਦ ਦੀ ਖਰੀਦੋ-ਫਰੋਖ਼ਤ ਚੱਲਦੀ ਰਹੀ। ਕਿਸ ਦੇਸ਼ ਵਿੱਚ ਕਿੰਨੀ ਜਾਇਦਾਦ ਕੀਤੀ ਗਈ ਜ਼ਬਤ-
  • ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਨੀਰਵ ਮੋਦੀ ਨਾਲ ਸਬੰਧਤ 216 ਕਰੋੜ ਰੁਪਏ ਦੀਆਂ ਦੋ ਅਚੱਲ ਜਾਇਦਾਦਾਂ ਅਟੈਚ
  • ਲੰਦਨ ਦੇ ਮੈਰਾਥਨ ਹਾਊਸ ਵਿੱਚ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ ਦਾ 57 ਕਰੋੜ ਦਾ ਫਲੈਟ ਅਟੈਚ
  • ਸਿੰਗਾਪੁਰ ਵਿੱਚ ਪੂਰਵੀ ਮੋਦੀ ਤੇ ਉਸ ਦੇ ਪਤੀ ਮਿਅੰਕ ਮਹਿਤਾ ਦਾ ਖਾਤਾ ਅਟੈਚ, ਜਿਸ ਵਿੱਚ 44 ਕਰੋੜ ਰੁਪਏ ਹਨ
  • ਨੀਰਵ ਮੋਦੀ ਤੇ ਪੂਰਵੀ ਮੋਦੀ ਨਾਲ ਸਬੰਧਤ ਪੰਜ ਹੋਰ ਖਾਤੇ ਅਟੈਚ, ਜਿਨ੍ਹਾਂ ਵਿੱਚ 278 ਕਰੋੜ ਰੁਪਏ ਹਨ
  • ਦੱਖਣੀ ਮੁੰਬਈ ਵਿੱਚ ਪੂਰਵੀ ਮੋਦੀ ਦਾ 19.5 ਕਰੋੜ ਰੁਪਏ ਦਾ ਫਲੈਟ ਅਟੈਚ
  • ਹਾਂਗਕਾਂਗ ਵਾਪਸ ਮੰਗਾ ਕੇ 22.69 ਕਰੋੜ ਦੇ ਗਹਿਣੇ ਅਟੈਚ, ਜੋ ਕਾਗ਼ਜ਼ਾਂ ਵਿੱਚ 85 ਕਰੋੜ ਦੇ ਦਿਖਾਏ ਗਏ ਸਨ
ਨੀਰਵ ਮੋਦੀ ਗੁਜਰਾਤ ਦੇ ਪਾਲਨਪੁਰ ਦਾ ਰਹਿਣ ਵਾਲਾ ਹੈ। ਉਸ ਦੇ ਦਾਦਾ-ਦਾਦੀ ਪਾਪੜ ਵੇਚਦੇ ਸਨ। ਮੋਦੀ ਦੇ ਦਾਦਾ ਸਭ ਤੋਂ ਪਹਿਲਾਂ ਬੈਲਜੀਅਮ ਪਹੁੰਚੇ ਤੇ ਫਿਰ ਵੱਡੇ ਭਾਈ ਦੀਪਕ ਨੇ ਵਪਾਰ ਨੂੰ ਅੱਗੇ ਵਧਾਇਆ। ਦੀਪਕ ਬੈਲਜੀਅਮ ਦਾ ਸਭ ਤੋਂ ਵੱਡਾ ਹੀਰਾ ਸਪਲਾਇਰ ਬਣ ਗਿਆ। ਨੀਰਵ ਮੋਦੀ ਨੇ ਸਾਲ 2002 ਵਿੱਚ ਹੀਰਿਆਂ ਦੇ ਗਹਿਣਿਆਂ ਦਾ ਕੰਮ ਸ਼ੁਰੂ ਕੀਤਾ ਤੇ 14,700 ਕਰੋੜ ਰੁਪਏ ਦੀ ਫਾਇਰਸਟਾਰ ਡਾਇਮੰਡ ਕੰਪਨੀ ਖੜ੍ਹੀ ਕੀਤੀ। ਇਸ ਤੋਂ ਇਲਾਵਾ ਨੀਰਵ ਮੋਦੀ ਦੇ ਪੂਰੀ ਦੁਨੀਆ ਵਿੱਚ 16 ਆਲੀਸ਼ਾਨ ਸਟੋਰ ਹਨ। ਸਾਲ 2016-17 ਵਿੱਚ ਨੀਰਵ ਮੋਦੀ ਦੀ ਕੰਪਨੀ ਦਾ ਮੁਨਾਫ਼ਾ 582 ਕਰੋੜ ਸੀ।