ਨਵੀਂ ਦਿੱਲੀ: ਐਸੀ/ਐਸਟੀ ਐਕਟ 'ਤੇ ਸੁਪਰੀਮ ਕੋਰਟ ਵੱਲੋਂ ਕੀਤੇ ਬਦਲਾਅ ਦੇ ਵਿਰੋਧ 'ਚ ਜਨਰਲ ਵਰਗ ਦੇ ਸੰਗਠਨਾਂ ਨੇ ਵੀਰਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ। ਬੰਦ ਦਾ ਸਭ ਤੋਂ ਜ਼ਿਆਦਾ ਅਸਰ ਬਿਹਾਰ 'ਚ ਦੇਖਿਆ ਜਾ ਰਿਹਾ ਹੈ। ਬਿਹਾਰ ਦੇ ਦਰਭੰਗਾ, ਆਰਾ ਤੇ ਮੁੰਗੇਰ 'ਚ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨਕਾਰੀਆਂ ਨੇ ਟ੍ਰੇਨਾਂ ਤੱਕ ਰੋਕ ਦਿੱਤੀਆਂ। ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ 'ਚ ਵੀ ਪ੍ਰਦਰਸ਼ਨਕਾਰੀਆਂ ਨੇ ਚੱਕਾ ਜਾਮ ਕੀਤਾ।


ਉੱਤਰ ਪ੍ਰਦੇਸ਼ ਦੇ ਇਲਾਹਾਬਾਦ, ਮੱਧ ਪ੍ਰਦੇਸ਼ ਦੇ ਗਵਾਲੀਅਰ ਤੇ ਭੋਪਾਲ 'ਚ ਸਵੇਰ ਸਮੇਂ ਬਜ਼ਾਰ ਬੰਦ ਦੇਖੇ ਗਏ। ਮੱਧ ਪ੍ਰਦੇਸ਼ 'ਚ ਕਈ ਸਕੂਲ-ਕਾਲਜ ਬੰਦ ਹਨ। ਪੈਟਰੋਲ ਪੰਪਾਂ ਨੂੰ ਸਵੇਰ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰੱਖਿਆ ਗਿਆ ਹੈ। ਸੂਬੇ ਦੇ 35 ਜ਼ਿਲ੍ਹਿਆਂ 'ਚ ਹਾਈ ਅਲਰਟ ਹੈ। ਇਸ ਤੋਂ ਪਹਿਲਾਂ ਦਲਿਤ ਸੰਗਠਨਾਂ ਨੇ 2 ਅਪ੍ਰੈਲ ਨੂੰ ਵੀ ਭਾਰਤ ਬੰਦ ਦਾ ਸੱਦਾ ਦਿੱਤਾ ਸੀ।


ਕਾਨੂੰਨ 'ਚ ਸੋਧ ਕੀਤੇ ਜਾਣ ਦੇ ਵਿਰੋਧ 'ਚ ਪਿਛਲੇ ਦਿਨੀਂ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਦੀ ਗਵਾਲੀਅਰ ਸਥਿਤ ਰਿਹਾਇਸ਼ 'ਤੇ ਪ੍ਰਦਰਸ਼ਨ ਕੀਤਾ ਗਿਆ ਸੀ। ਸੂਬੇ 'ਚ ਮੰਤਰੀ ਮਾਇਆ ਸਿੰਘ ਨੂੰ ਕਾਲੇ ਝੰਡੇ ਦਿਖਾਏ ਗਏ ਸਨ।