ਗੁਰੂਗ੍ਰਾਮ: ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੂਮਨ ਠਾਕੁਰ ਦੀ ਪੋਸਟਮਾਰਟਮ ਰਿਪੋਰਟ ਪੁਲਿਸ ਨੂੰ ਮਿਲ ਗਈ ਹੈ। ਜਿਸ ਮੁਤਾਬਿਕ ਪ੍ਰਦੂਮਨ ਦੇ ਜ਼ਖਮ ਇੰਨ੍ਹੇ ਗਹਿਰੇ ਸਨ ਕਿ ਅਜਿਹੀ ਹਾਲਤ ਵਿਚ ਕੋਈ ਵੀ ਇਨਸਾਨ ਦੋ ਤੋਂ ਤਿੰਨ ਮਿੰਟ ਤੋਂ ਵੱਧ ਜ਼ਿੰਦਾ ਨਹੀਂ ਰਹਿ ਸਕਦਾ। ਉਸ ਦਾ ਖੂਨ ਵੀ ਬਹੁਤ ਵਹਿ ਚੁੱਕਾ ਸੀ।
ਪ੍ਰਦੂਮਨ ਦੀ ਪੋਸਟਮਾਰਟਮ ਰਿਪੋਰਟ ਮੁਤਾਬਿਕ ਤੇਜ਼ਧਾਰ ਹਥਿਆਰ ਤੋਂ ਉਸ 'ਤੇ ਵਾਰ ਕੀਤੇ ਗਏ ਸਨ। ਉਸ ਦੇ ਜ਼ਖਮ 18 ਸੈਂਟੀ ਮੀਟਰ ਲੰਬੇ ਤੇ 2 ਸੈਂਟੀ ਮੀਟਰ ਗਹਿਰੇ ਸਨ। ਉਸ ਦੇ ਸਾਰੇ ਕਪੜੇ ਖੂਨ ਨਾਲ ਭਰੇ ਹੋਏ ਸਨ। ਗਲੇ ਦੀਆਂ ਨਸਾਂ ਪੂਰੀ ਤਰ੍ਹਾਂ ਕੱਟ ਗਈਆਂ ਸਨ। ਇਸ ਦੇ ਨਾਲ ਉਸ ਦੀ ਭੋਜਨ ਨਲੀ ਵੀ ਕੱਟ ਚੁੱਕੀ ਸੀ। ਬੀਤੇ ਦਿਨ ਮੁੱਖ ਮੰਤਰੀ ਨੇ ਮ੍ਰਿਤਕ ਬੱਚੇ ਦੇ ਮਾਪਿਆਂ ਨੂੰ ਹੌਂਸਲਾ ਦਿੱਤਾ ਸੀ। ਉਨ੍ਹਾਂ ਪ੍ਰਦਿਊਮਨ ਦੇ ਮਾਪਿਆਂ ਦੀ ਮੰਗ 'ਤੇ ਉਸ ਦੇ ਕਤਲ ਦੀ ਜਾਂਚ ਸੀਬੀਆਈ ਦੇ ਹਵਾਲੇ ਕਰਨ ਦੀ ਸਿਫਾਰਿਸ਼ ਵੀ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਹਰਿਆਣਾ ਸਰਕਾਰ ਨੇ ਰਿਆਨ ਇੰਟਰਨੈਸ਼ਨਲ ਸਕੂਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸਕੂਲ ਨੂੰ 3 ਮਹੀਨਿਆਂ ਲਈ ਜ਼ਬਤ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਗੁਰੂਗ੍ਰਾਮ ਦੇ ਭੋਂਡਸੀ ਇਲਾਕੇ ਵਿੱਚ ਸਥਿਤ ਰਿਆਨ ਇੰਟਰਨੈਸ਼ਨਲ ਸਕੂਲ ਦੇ ਦੂਜੀ ਜਮਾਤ ਦੇ ਵਿਦਿਆਰਥੀ ਪ੍ਰਦਿਊਮਨ ਦਾ ਬੀਤੀ 8 ਸਤੰਬਰ ਨੂੰ ਉਸ ਦੇ ਸਕੂਲ ਵਿੱਚ ਹੀ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਲਗਾਤਾਰ ਮਹਿੰਗੀਆਂ ਫ਼ੀਸਾਂ ਬਟੋਰਨ ਵਾਲੇ ਸਕੂਲਾਂ ਵਿਰੁੱਧ ਪੂਰੇ ਦੇਸ਼ ਵਿੱਚ ਰੋਸ ਦੀ ਲਹਿਰ ਸੀ।