ਨਵੀਂ ਦਿੱਲੀ :ਕਿਤਾਬਾਂ ਦੀ ਫ਼ੋਟੋ ਕਾਪੀ ਦੇ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਇੱਕ ਇਤਿਹਾਸਕ ਫ਼ੈਸਲਾ ਦਿੱਤਾ ਹੈ। ਅਦਾਲਤ ਨੇ ਤਿੰਨ ਵਿਦੇਸ਼ੀ ਪ੍ਰਕਾਸ਼ਕਾਂ ਦੀ ਉਸ ਅਪੀਲ ਨੂੰ ਖ਼ਾਰਜ ਕਰ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਵਿੱਚ ਉਨ੍ਹਾਂ ਦੀਆਂ ਕਿਤਾਬਾਂ ਦੀ ਫ਼ੋਟੋ ਕਾਪੀ ਵੇਚਣ ਨੂੰ ਚੁਨੌਤੀ ਦਿੱਤੀ ਸੀ।
ਹਾਈਕੋਰਟ ਨੇ ਆਦੇਸ਼ ਵਿੱਚ ਆਖਿਆ ਹੈ ਕਿ ਸਿੱਖਿਆ ਉੱਤੇ ਕਿਸੇ ਦਾ ਕਾਪੀ ਰਾਈਟ ਨਹੀਂ ਹੈ। ਫ਼ੈਸਲੇ ਤੋਂ ਬਾਅਦ ਅਦਾਲਤ ਨੇ ਦਿੱਲੀ ਸਕੂਲ ਆਫ਼ ਇਕਨੋਮਕਿਸ ਵਿੱਚ ਸਥਿਤ ਰਮੇਸ਼ਵਰੀ ਫ਼ੋਟੋ ਕਾਪੀ ਦੀ ਦੁਕਾਨ ਉੱਤੋਂ ਪਾਬੰਦੀ ਹਟਾ ਲਈ। ਇਸ ਦੁਕਾਨ ਤੋਂ ਹੀ ਵਿਦਿਆਰਥੀ ਤਿੰਨ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਦੀ ਫ਼ੋਟੋ ਕਾਪੀ ਕਰਵਾ ਕੇ ਪੜਾਈ ਕਰਦੇ ਸਨ।
ਪਿਛਲੇ 20 ਸਾਲ ਤੋਂ DSE ਵਿੱਚ ਇਹ ਦੁਕਾਨ ਚੱਲ ਰਹੀ ਹੈ ਪਰ 2012 ਵਿੱਚ ਅਦਾਲਤ ਦੇ ਆਦੇਸ਼ ਤੋਂ ਬਾਅਦ ਕਿਤਾਬਾਂ ਦੀ ਫ਼ੋਟੋ ਕਾਪੀ ਹੋਣੀ ਬੰਦ ਹੋ ਗਈ ਸੀ। ਅਦਾਲਤ ਦੇ ਤਾਜ਼ਾ ਆਦੇਸ਼ ਤੋਂ ਬਾਅਦ ਤੋਂ ਕਾਲਜ ਦੇ ਵਿਦਿਆਰਥੀਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਕਾਲਜ ਦੇ ਅਧਿਕਾਰੀਆਂ ਨੇ ਵੀ ਇਸ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ।