Puducherry Express : ਭਾਰਤੀ ਰੇਲਵੇ ਦੀ ਦਾਦਰ-ਪੁਡੂਚੇਰੀ ਐਕਸਪ੍ਰੈਸ 11005 (Puducherry Express) ਨਾਲ ਇੱਕ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਟੁੰਗਾ ਰੇਲਵੇ ਸਟੇਸ਼ਨ (Matunga Railway Station) 'ਤੇ ਇਸ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਰੇਲਵੇ ਨੇ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ ਟਰੇਨ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਜਾਣ ਤੋਂ ਬਾਅਦ ਇਸ ਲਾਈਨ 'ਤੇ ਚੱਲਣ ਵਾਲੀਆਂ ਹੋਰ ਟਰੇਨਾਂ ਦਾ ਸੰਚਾਲਨ ਠੱਪ ਹੋ ਗਿਆ ਹੈ। ਇਸ ਦੇ ਨਾਲ ਹੀ ਟਰੇਨ 'ਚ ਬੈਠੇ ਯਾਤਰੀਆਂ 'ਚ ਹੰਗਾਮਾ ਅਤੇ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ।
ਓਧਰ ਇਸ ਹਾਦਸੇ ਦੀ ਵਜ੍ਹਾ ਕਰਕੇ ਪੁਡੂਚੇਰੀ ਐਕਸਪ੍ਰੈਸ (11005 ਦਾਦਰ-ਪੁਡੂਚੇਰੀ ਐਕਸਪ੍ਰੈਸ) ਅਤੇ ਗਦਗ (11139 ਸੀਐਸਐਮਟੀ-ਗਦਗ ਐਕਸਪ੍ਰੈਸ) ਐਕਸਪ੍ਰੈਸ ਨੂੰ ਹਾਦਸੇ ਕਾਰਨ ਰੱਦ ਕਰ ਦਿੱਤਾ ਗਿਆ ਹੈ। ਮੱਧ ਰੇਲਵੇ ਨੇ ਟਵੀਟ ਕਰਕੇ ਦੋਵਾਂ ਟਰੇਨਾਂ ਨੂੰ ਰੱਦ ਕਰਨ ਦੀ ਜਾਣਕਾਰੀ ਦਿੱਤੀ ਹੈ।
ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਰਾਤ 9:45 'ਤੇ ਉਸ ਸਮੇਂ ਵਾਪਰਿਆ, ਜਦੋਂ ਮੁੰਬਈ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਤੋਂ ਜਾ ਰਹੀ ਗਦਗ ਐਕਸਪ੍ਰੈੱਸ ਦਾ ਇੰਜਣ ਮਾਟੁੰਗਾ ਰੇਲਵੇ ਸਟੇਸ਼ਨ ਨੇੜੇ ਪੁਡੂਚੇਰੀ ਐਕਸਪ੍ਰੈੱਸ ਨਾਲ ਟਕਰਾ ਗਿਆ। ਦਾਦਰ ਸਟੇਸ਼ਨ ਤੋਂ ਦੋ ਐਕਸਪ੍ਰੈਸ ਰੇਲ ਗੱਡੀਆਂ ਉਸੇ ਸਮੇਂ ਰਵਾਨਾ ਹੋਈਆਂ ਸਨ ਅਤੇ ਪਤਾ ਲੱਗਾ ਹੈ ਕਿ ਇਹ ਟੱਕਰ ਉਸ ਜਗ੍ਹਾ ਹੋਈ ,ਜਿੱਥੇ ਦੋ ਪਟੜੀਆਂ ਇੱਕ ਦੂਜੇ ਨੂੰ ਕਰਾਸ ਕਰ ਰਹੀਆਂ ਸਨ। ਸਿੱਟੇ ਵਜੋਂ ਪੁਡੂਚੇਰੀ ਐਕਸਪ੍ਰੈਸ ਦੇ 3 ਪਿਛਲੇ ਡੱਬੇ ਪਟੜੀ ਤੋਂ ਉਤਰ ਗਏ। ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜੀਆਰਪੀ ਮੁੰਬਈ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਹੈ ਕਿ ਰੇਲਵੇ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਉਹ ਫਸੇ ਹੋਏ ਯਾਤਰੀਆਂ ਲਈ ਸਹਾਇਤਾ ਦਾ ਪ੍ਰਬੰਧ ਕਰ ਰਹੇ ਹਨ। ਯਾਤਰੀਆਂ ਨੂੰ ਸਹਿਯੋਗ ਦੀ ਬੇਨਤੀ ਕੀਤੀ ਜਾਂਦੀ ਹੈ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ 1512 ਡਾਇਲ ਕਰੋ।ਇਸ ਦੇ ਨਾਲ ਹੀ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹਾਦਸੇ ਦਾ ਕਾਰਨ ਰੇਲਵੇ ਦੇ ਸਿਗਨਲ ਸਿਸਟਮ ਨੂੰ ਮੰਨਿਆ ਜਾ ਰਿਹਾ ਹੈ।