ਦਰਅਸਲ ਫੌਜ ਨੂੰ ਇਲਾਕੇ 'ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਆਪ੍ਰੇਸ਼ਨ ਨੂੰ ਅੰਜ਼ਾਮ ਦਿੱਤਾ। ਸਰਚ ਆਪ੍ਰੇਸ਼ਨ ਦੌਰਾਨ ਅੱਤਵਾਦੀਆਂ ਨੇ ਗੋਲ਼ੀਬਾਰੀ ਕੀਤੀ ਤੇ ਮੁਕਾਬਲਾ ਸ਼ੁਰੂ ਹੋ ਗਿਆ। ਮੁਕਾਬਲੇ 'ਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਤੇ 4 ਅੱਤਵਾਦੀ ਮਾਰੇ ਗਏ।
ਅੱਤਵਾਦੀਆਂ ਵਿੱਚੋਂ ਇੱਕ ਨੂੰ ਵੀਰਵਾਰ ਮਾਰ ਦਿੱਤਾ ਗਿਆ ਸੀ ਤੇ 3 ਅੱਤਵਾਦੀ ਸਵੇਰੇ ਫਿਰ ਤੋਂ ਮੁਕਾਬਲਾ ਸ਼ੁਰੂ ਹੋਣ ਬਾਅਦ ਮਾਰੇ ਗਏ। ਪਿੰਡ ਪੰਜਰਨ ਦੇ ਲੱਸੀਪੋਰਾ ਇਲਾਕੇ ਵਿੱਚ ਮੁਕਾਬਲੇ ਵਾਲੀ ਥਾਂ ਤੋਂ ਸ਼ੁੱਕਰਵਾਰ ਨੂੰ ਹਥਿਆਰਾਂ ਦੇ ਵੱਡੇ ਜ਼ਖੀਰੇ ਨਾਲ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਸੂਤਰਾਂ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਦੀ ਸਟੀਕ ਪਛਾਣ ਕੀਤੀ ਜਾ ਰਹੀ ਹੈ। ਇਸ ਤੋਂ ਪਤਾ ਲਾਇਆ ਜਾਏਗਾ ਕਿ ਇਹ ਕਿਸ ਅੱਤਵਾਦੀ ਸਮੂਹ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਤਲਾਸ਼ੀ ਅਭਿਆਨ ਹਾਲੇ ਵੀ ਜਾਰੀ ਹੈ। ਇਸ ਘਟਨਾ ਬਾਅਦ ਪੁਲਵਾਮਾ 'ਚ ਮੋਬਾਈਲ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ।