ਨਵੀਂ ਦਿੱਲੀ: 17ਵੀਂ ਲੋਕ ਸਭਾ ਵਿੱਚ ਚੁਣ ਕੇ ਆਏ ਸਾਂਸਦਾਂ ਦੇ ਰਹਿਣ ਲਈ ਰਾਜਧਾਨੀ ਦਿੱਲੀ ਵਿੱਚ ਘਰ ਬਣ ਕੇ ਤਿਆਰ ਹੋ ਗਏ ਹਨ। ਇਹ ਮਾਕਨ ਕਿਸੇ ਪੰਜ ਤਾਰਾ ਪ੍ਰਾਪਰਟੀ ਤੋਂ ਘੱਟ ਨਹੀਂ। ਸਾਂਸਦਾਂ ਲਈ ਬਣੇ ਇਨ੍ਹਾਂ ਡੁਪਲੈਕਸ ਘਰਾਂ ਵਿੱਚ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਨਵੀਂ ਦਿੱਲੀ ਦੇ ਉੱਤਰੀ ਐਵਿਨਿਊ ਵਿੱਚ 36 ਨਵੇਂ ਡੁਪਲੈਕਸ ਮਕਾਨ ਬਣਾਏ ਗਏ ਹਨ। ਹਰ ਘਰ ਵਿੱਚ 7 ਕਮਰੇ ਹਨ। ਜਿਨ੍ਹਾਂ ਵਿੱਚ ਸਾਂਸਦਾਂ ਦੇ ਦਫ਼ਤਰ ਵੀ ਬਣਾਏ ਗਏ ਹਨ।

ਘਰਾਂ ਵਿੱਚ ਦਫ਼ਤਰ ਤੋਂ ਲੈ ਕੇ ਅੰਡਰ ਗਰਾਊਂਡ ਪਾਰਕਿੰਗ ਤੇ ਲਿਫਟ ਵਰਗੀਆਂ ਸਹੂਲਤਾਂ ਵੀ ਸ਼ਾਮਲ ਹਨ। ਘਰਾਂ ਵਿੱਚ ਬਿਜਲੀ ਲਈ ਸੋਲਰ ਪੈਨਲ ਵੀ ਲੱਗੇ ਹਨ। ਸਾਂਸਦਾਂ ਦੇ ਰਹਿਣ ਲਈ ਕੁੱਲ 180 ਘਰ ਬਣਾਏ ਹਨ ਜਿਨ੍ਹਾਂ ਵਿੱਚੋਂ 36 ਘਰ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਏ ਹਨ।
ਦੱਸ ਦੇਈਏ ਸਾਂਸਦ ਚੁਣੇ ਜਾਣ ਪਿੱਛੋਂ ਲੀਡਰਾਂ ਨੂੰ ਦਿੱਲੀ ਵਿੱਚ ਰਹਿਣ ਲਈ ਘਰ ਮਿਲਦਾ ਹੈ। ਇਨ੍ਹਾਂ ਵਿੱਚ ਕੁਝ ਲੀਡਰਾਂ ਨੂੰ ਵੱਡੀ ਕੋਠੀ ਮਿਲਦੀ ਹੈ ਤੇ ਕੁਝ ਨੂੰ ਉੱਤਰੀ ਐਵਿਨਿਊ ਵਿੱਚ ਅਪਾਰਟਮੈਂਟ ਮਿਲਦੇ ਹਨ। ਇਸ ਵਾਰ 36 ਅਜਿਹੇ ਸਾਂਸਦ ਹੋਣਗੇ, ਜਿਨ੍ਹਾਂ ਨੂੰ ਬਿਲਕੁਲ ਨਵੇਂ ਤੇ ਆਧੁਨਿਕ ਐਸਪੀ ਹਾਊਸ ਵਿੱਚ ਰਹਿਣ ਦਾ ਮੌਕਾ ਮਿਲੇਗਾ।

ਘਰਾਂ ਵਿੱਚ ਸਾਂਸਦਾਂ ਦੀ ਜ਼ਰੂਰਤ ਦੀ ਹਰ ਚੀਜ਼ ਸ਼ਾਮਲ ਕੀਤੀ ਗਈ ਹੈ। ਘਰ 450 ਵਰਗ ਮੀਟਰ ਵਿੱਚ ਬਣੇ ਹਨ। 7 ਕਮਰਿਆਂ ਵਿੱਚੋਂ ਇੱਕ ਬੈਠਕ, 4 ਬੈਡਰੂਮ ਤੇ 2 ਦਫ਼ਤਰ ਹਨ। ਪਹਿਲੀ ਮੰਜ਼ਿਲ 'ਤੇ ਪੂਜਾ ਘਰ ਵੀ ਹੈ। ਘਰ ਦੇ ਅੱਗੇ ਲੌਨ ਹੈ ਜਦਕਿ ਪਿੱਛੇ ਯੁਟਿਲਿਟੀ ਏਰੀਆ ਬਣਾਇਆ ਗਿਆ ਹੈ। ਇੱਕ ਮੰਜ਼ਲ ਹੋਣ ਦੇ ਬਾਵਜੂਦ ਘਰ 'ਚ ਲਿਫਟ ਲਾਈ ਗਈ ਹੈ। ਇਹ ਸਿਰਫ ਬੇਸਮੈਂਟ ਤੋਂ ਪਹਿਲੀ ਮਜ਼ਲ ਤਕ ਜਾਣ ਲਈ ਹੈ। ਬੇਸਮੈਂਟ ਵਿੱਚ 2 ਗੱਡੀਆਂ ਦੀ ਪਾਰਕਿੰਗ ਨਾਲ ਡਰਾਈਵਰ ਰੂਮ ਦੀ ਵੀ ਸੁਵਿਧਾ ਹੈ।

ਘਰ ਦੇ ਬਾਹਰ ਵੀ ਪਾਰਕਿੰਗ ਹੈ। ਬਿਜਲੀ ਲਈ ਛੱਤ 'ਤੇ ਸੋਲਰ ਪੈਨਲ ਹਨ। ਘਰ ਈਕੋ ਫਰੈਂਡਲੀ ਹੈ। ਘਰ ਵਿੱਚ ਹਮੇਸ਼ਾ ਰੌਸ਼ਨੀ ਰੱਖਣ ਲਈ ਥਾਂ-ਥਾਂ ਵੱਡੀਆਂ ਖਿੜਕੀਆਂ ਬਣਾਈਆਂ ਗਈਆਂ ਹਨ। ਇੰਟਰਨੈਟ ਦੀ ਸਹੂਲਤ ਵੀ ਦਿੱਤੀ ਗਈ ਹੈ। ਪੀਐਨਜੀ ਗੈਸ ਕੁਨੈਕਸ਼ਨ ਉਪਲੱਬਧ ਕਰਵਾਏ ਗਏ ਹਨ।