ਜੰਮੂ: ਪੁਲਵਾਮਾ ਹਮਲੇ ਖਿਲਾਫ ਦੇਸ਼ ਭਰ ਵਿੱਚ ਪਾਕਿਸਤਾਨ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਲੋਕ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ ਤੇ ਸਰਕਾਰ ਕੋਲੋਂ ਪਾਕਿਸਤਾਨ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਇਸੇ ਵਿਚਾਲੇ ਜੰਮੂ ਵਿੱਚ ਪ੍ਰਦਰਸ਼ਨ ਕਰ ਰਹੀ ਭੀੜ ਹਿੰਸਕ ਹੋ ਗਈ। ਇਸ ਮਗਰੋਂ ਸ਼ਹਿਰ ਵਿੱਚ ਕਰਫਿਊ ਲਾ ਦਿੱਤਾ ਗਿਆ ਹੈ।
ਜੰਮੂ ਵਿੱਚ ਪ੍ਰਦਰਸ਼ਨਕਾਰੀਆਂ ਨੇ ਕੁਝ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਦੌਰਾਨ ਕਈ ਹੋਰ ਵਾਹਨ ਵੀ ਨੁਕਸਾਨੇ ਗਏ। ਜ਼ਿਲ੍ਹਾ ਅਧਿਕਾਰੀ ਰਮੇਸ਼ ਕੁਮਾਰ ਨੇ ਕਿਹਾ ਕਿ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਬਣਾਈ ਰੱਖਣ ਲਈ ਕਰਫਿਊ ਲਾ ਦਿੱਤਾ ਗਿਆ ਹੈ।
ਪੁਲਿਸ ਨੇ ਕਿਹਾ ਕਿ ਸ਼ਹਿਰ ਦੇ ਗੁੱਜਰ ਇਲਾਕੇ ਤੋਂ ਹਿੰਸਾ ਸ਼ੁਰੂ ਹੋਈ। ਸਥਿਤੀ ’ਤੇ ਕਾਬੂ ਪਾਉਣ ਲਈ ਪੁਲਿਸ ਨੇ ਅੱਥਰੂ ਗੈਸ ਤੇ ਲਾਠੀਚਾਰਜ ਵੀ ਕੀਤਾ ਪਰ ਇਸ ਪਿੱਛੋਂ ਕਰਫਿਊ ਲਾ ਦਿੱਤਾ ਗਿਆ।
ਸ਼ੁਰੂਆਤ ਵਿੱਚ ਗੁੱਜਰ ਨਗਰ, ਤਾਲਾਬ ਖਟਕਨ, ਜਨੀਪੁਰ, ਬਖਸ਼ੀ ਨਗਰ, ਚੇਨੀ ਹਿੰਮਤ, ਬੱਸ ਅੱਡੇ ਤੇ ਪੁਰਾਣੇ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਕਰਫਿਊ ਲਾਇਆ ਗਿਆ। ਫੌਜ ਨੂੰ ਵੀ ਸਟੈਂਡ ਬਾਏ ਮੋਡ ’ਤੇ ਰੱਖਿਆ ਗਿਆ ਹੈ।