ਸ੍ਰੀਨਗਰ: ਪੁਲਵਾਮਾ ਵਿੱਚ ਸੀਆਰਪੀਐਫ ਜਵਾਨਾਂ ’ਤੇ ਹੋਏ ਫਿਦਾਈਨ ਹਮਲੇ ਵਿੱਚ ਜ਼ਖ਼ਮੀ ਜਵਾਨ ਨੇ ਅਹਿਮ ਖ਼ੁਲਾਸਾ ਕੀਤਾ ਹੈ। ਜਵਾਨ ਨੇ ਦੱਸਿਆ ਕਿ ਜੈਸ਼-ਏ-ਮੁਹੰਮਦ ਦਾ ਅੱਤਵਾਦੀ ਪਹਿਲੀ ਕੋਸ਼ਿਸ਼ ਵਿੱਚ ਆਪਣੀ ਬਾਰੂਦ ਨਾਲ ਭਰੀ ਗੱਡੀ ਜਵਾਨਾਂ ਦੇ ਕਾਫਲੇ ਵਿੱਚ ਨਹੀਂ ਵਾੜ ਸਕਿਆ ਸੀ। ਉਹ ਦੋ ਬੱਸਾਂ ਵਿੱਚ ਗੱਡੀ ਵਾੜਨਾ ਚਾਹੁੰਦਾ ਸੀ, ਪਰ ਰੋਡ ਓਪਨਿੰਗ ਪਾਰਟੀ (ROP) ਦੇ ਜਵਾਨ ਅੱਗੇ ਆ ਗਏ। ਇਸ ਦੇ ਬਾਅਦ ਉਸ ਨੇ ਕਾਫਲੇ ਦੀ 5ਵੀਂ ਬੱਸ ਨਾਲ ਆਪਣੀ ਗੱਡੀ ਦੀ ਟੱਕਰ ਮਾਰ ਦਿੱਤੀ।
ਦਰਅਸਲ ਗ੍ਰਹਿ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਜ਼ਖ਼ਮੀ ਜਵਾਨਾਂ ਦਾ ਹਾਲ ਚਾਲ ਜਾਣਨ ਲਈ ਹਸਪਤਾਲ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਹਮਲੇ ਦੇ ਚਸ਼ਮਦੀਦ ਜਵਾਨ ਤੇ ਅਧਿਕਾਰੀਆਂ ਤੋਂ ਪੂਰੀ ਜਾਣਕਾਰੀ ਲਈ। ਜਵਾਨ ਨੇ ਦੱਸਿਆ ਕਿ ਉਨ੍ਹਾਂ ਅੱਤਵਾਦੀ ਦੀ ਗੱਡੀ ਵੇਖੀ ਸੀ। ਉਹ ਦੋ ਬੱਸਾਂ ਵਿੱਚ ਗੱਡੀ ਵਾੜਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ROP ਦੇ ਵਿੱਚ ਆ ਜਾਣ ਕਰਕੇ ਕਾਮਯਾਬ ਨਹੀਂ ਹੋਇਆ। ਇਸ ਦੇ ਬਾਅਦ ਉਸ ਨੇ ਇੱਕ ਬੱਸ ਨਾਲ ਹੀ ਗੱਡੀ ਟਕਰਾ ਕੇ ਹਮਲੇ ਨੂੰ ਅੰਜਾਮ ਦਿੱਤਾ।
ਚਸ਼ਮਦੀਦ ਜਵਾਨ ਨੇ ਦੱਸਿਆ ਕਿ ਕਾਫਲੇ ਵਿੱਚ ਕੁਝ ਟਰੱਕ ਵੀ ਚੱਲ ਰਹੇ ਸੀ। ਇਸ ਕਰਕੇ ਕਾਫਲੇ ਦੀ ਰਫ਼ਤਾਰ ਹੌਲ਼ੀ ਕਰ ਦਿੱਤੀ ਗਈ ਸੀ। ਟਰੱਕਾਂ ਨੂੰ ਇੱਕ ਪਾਸੇ ਕੀਤਾ ਜਾ ਰਿਹਾ ਸੀ। ਇਸ ਪਿੱਛੋਂ ਰਾਜਨਾਥ ਨੇ ਸੀਆਰਪੀਐਫ ਦੇ ਆਹਲਾ ਅਧਿਕਾਰੀਆਂ ਨੂੰ ਕਿਹਾ ਕਿ ਇਸੇ ਵਜ੍ਹਾ ਕਰਕੇ ਹੀ ਗ੍ਰਹਿ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ ਹੁਣ ਜਦੋਂ ਜਵਾਨਾਂ ਦਾ ਕਾਫਲਾ ਗੁਜ਼ਰੇਗਾ ਤਾਂ ਆਮ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਜਾਏਗੀ।