ਲੁਧਿਆਣਾ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪੁਲਵਾਮਾ ਹਮਲੇ ਸਬੰਧੀ ਟਿੱਪਣੀ ਕਰਕੇ ਕਾਫੀ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ। ਇਸੇ ਦਰਮਿਆਨ ਉਨ੍ਹਾਂ ਸ਼ਨੀਵਾਰ ਨੂੰ ਕਿਹਾ ਕਿ ਜੇ ਕਰਤਾਰਪੁਰ ਲਾਂਘੇ ਦਾ ਫੈਸਲਾ ਰੱਦ ਹੁੰਦਾ ਹੈ ਤਾਂ ਇਸ ਨਾਲ ਅੱਤਵਾਦੀ ਉਤਸ਼ਾਹਿਤ ਹੋਣਗੇ। ਉਨ੍ਹਾਂ ਦੇ ਬਿਆਨਾਂ ਕਰਕੇ ਉਨ੍ਹਾਂ ਨੂੰ ਕਪਿਲ ਸ਼ਰਮਾ ਦੇ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਨੂੰ ਕੈਬਨਿਟ ਤੋਂ ਵੀ ਬਾਹਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਸਿੱਧੂ ਨੇ ਕਿਹਾ ਕਿ ਸਿੱਖਾਂ ਦਾ ਕਰਤਾਰਪੁਰ ਲਾਂਘਾ ਨਹੀਂ ਰੁਕ ਸਕਦਾ। ਜੇ ਦੋ ਪ੍ਰਧਾਨ ਮੰਤਰੀਆਂ ਵੱਲੋਂ ਲਿਆ ਫੈਸਲਾ ਰੱਦ ਹੋਇਆ ਤਾਂ ਇਸ ਨਾਲ ਅੱਤਵਾਦ ਨੂੰ ਬੜ੍ਹਾਵਾ ਮਿਲੇਗਾ। ਕੋਈ ਵੀ ਦੇਸ਼ ਨੂੰ ਅੱਤਵਾਦ ਅੱਗੇ ਝੁਕਾ ਨਹੀਂ ਸਕਦਾ। ਇਸ ਤੋਂ ਇਲਾਵਾ ਪੁਲਵਾਮਾ ਵਿੱਚ ਸੀਆਰਪੀਐਫ ਜਵਾਨਾਂ ਲਈ ਸੁਰੱਖਿਆ ਵਿਵਸਥਾ ਦੇ ਪੁਖ਼ਤਾ ਪ੍ਰਬੰਧਾਂ ਦੇ ਇਤਜ਼ਾਮ ਨਾ ਕੀਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਜਵਾਨਾਂ ਦੇ ਮਾਰੇ ਜਾਣ ਦੀਆਂ ਘਟਨਾਵਾਂ ਰੋਕਣ ਲਈ ਸਥਾਈ ਹੱਲ ਦੀ ਲੋੜ ਹੈ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਲਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਬਿਨਾਂ ਸੱਦੇ ਦੇ ਪਾਕਿਸਤਾਨ ਗਏ ਤੇ ਉਨ੍ਹਾਂ ਤਤਕਾਲੀ ਪ੍ਰਧਾਨ ਮੰਤਰੀ ਨੂੰ ਉਸੇ ਤਰ੍ਹਾਂ ਗਲੇ ਲਾਇਆ ਜਿਵੇਂ ਉਨ੍ਹਾਂ ਆਪਣੀ ਪਾਕਿਸਤਾਨ ਫੇਰੀ ਦੌਰਾਨ ਜਨਰਲ ਬਾਜਵਾ ਨੂੰ ਲਾਇਆ ਸੀ। ਉਨ੍ਹਾਂ ਕਿਹਾ ਕਿ ਜਦੋਂ ਪੀਐਮ ਪਾਕਿਸਤਾਨ ਤੋਂ ਆਏ ਸੀ ਤਾਂ ਪਠਾਨਕੋਟ ਅੱਤਵਾਦੀ ਹਮਲਾ ਹੋਇਆ ਸੀ ਜਦਕਿ ਜਦੋਂ ਉਹ ਪਾਕਿਸਤਾਨ ਤੋਂ ਮੁੜੇ ਤਾਂ ਉਨ੍ਹਾਂ ਕਰਤਾਰਪੁਰ ਲਾਂਘੇ ਦਾ ਸਮਰਥਨ ਕੀਤਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।