ਨਵੀਂ ਦਿੱਲੀ: ਪੁਲਵਾਮਾ ਹਮਲੇ ਮਗਰੋਂ ਭਾਰਤੀ ਫੌਜ ਨੇ ਜੰਮੂ-ਕਸ਼ਮੀਰ ਵਿੱਚ ਹੋਰ ਸਖਤੀ ਵਰਤਣ ਦੇ ਸੰਕੇਤ ਦਿੱਤੇ ਹਨ। ਅੱਜ ਫੌਜ ਤੇ ਸੀਆਰਪੀਐਫ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਸਪਸ਼ਟ ਕੀਤਾ ਹੈ ਕਿ ਹੁਣ ਕਿਸੇ ਵੀ ਅੱਤਵਾਦੀ ਨੂੰ ਜਿਉਂਦਾ ਨਹੀਂ ਛੱਡਿਆ ਜਾਏਗਾ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਖਾਤਮੇ ਦਾ ਪਲਾਨ ਬਣਾ ਲਿਆ ਹੈ।
ਫੌਜ ਦੇ ਲੈਫਟੀਨੈਂਟ ਜਨਰਲ ਕੰਵਲਜੀਤ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਕਿ ਪੁਲਵਾਮਾ ਹਮਲੇ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਹੱਥ ਸੀ। ਉਨ੍ਹਾਂ ਕਿਹਾ ਕਿ ਇਹ ਹਮਲਾ ਆਈਐਸਆਈ ਨੇ ਹੀ ਕਰਵਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਸ਼ਮੀਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਹਥਿਆਰ ਸੁੱਟ ਕੇ ਆਤਮ ਸਮਰਪਣ ਕਰਨ ਲਈ ਰਾਜ਼ੀ ਕਰਨ ਨਹੀਂ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਏਗੀ।
ਫੌਜ ਨੇ ਦਾਅਵਾ ਕੀਤਾ ਕਿ ਪੁਲਵਾਮਾ ਹਮਲੇ ਕਰਵਾਉਣ ਵਾਲੇ ਅੱਤਵਾਦੀਆਂ ਨੂੰ 100 ਘੰਟੇ ਦੇ ਅੰਦਰ-ਅੰਦਰ ਮਾਰ ਮੁਕਾਇਆ ਹੈ। ਇਸ ਮੁਕਾਬਲੇ ਵਿੱਚ ਜੈਸ਼ ਦੇ ਤਿੰਨ ਕਮਾਂਡਰ ਢੇਰ ਹੋਏ ਹਨ। ਉਂਝ ਉਨ੍ਹਾਂ ਨੇ ਪੁਲਵਾਮਾ ਹਮਲੇ ਵਿੱਚ ਹੋਰ ਕੌਣ ਸ਼ਾਮਲ ਸਨ ਤੇ ਉਨ੍ਹਾਂ ਦੇ ਹੋਰ ਕੀ ਪਲਾਨ ਸੀ, ਇਹ ਦੱਸਣ ਤੋਂ ਸਾਫ ਇਨਕਾਰ ਕਰ ਦਿੱਤਾ।