ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਈਸ ਮਿੱਲਰਸ ਐਸੋਸ਼ੀਏਸ਼ਨ ਪੰਜਾਬ ਨੇ ਇੱਕ ਚਿੱਠੀ ਲਿੱਖ ਕੇ ਝੋਨੇ ਦੀ ਖਰੀਦ ਸਮੇਂ ਨਮੀ ਦੀ ਮਾਤਰਾ 17 ਤੋਂ ਵਧਾ ਕੇ 20 ਫ਼ੀਸਦ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਕੈਪਟਨ ਨੇ ਝੋਨੇ ਵਿੱਚ ਨਮੀ ਦੀ ਤੈਅ ਮਾਤਰਾ ਨੂੰ ਕੁਝ ਵਧਾਉਣ ਦੀ ਅਪੀਲ ਕੀਤੀ।

ਦਰਅਸਲ, ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਸਕੱਤਰ ਫੂਡ ਕੇ.ਪੀ. ਸਿਨ੍ਹਾ ਅਤੇ ਡਾਇਰੈਕਟਰ ਫੂਡ ਅਨਿੰਦਿਤਾ ਮਿਤਰਾ ਦੇ ਨਾਲ ਬੈਠਕ ਕੀਤੀ। ਜਿਸ ‘ਚ ਉਨ੍ਹਾਂ ਨੇ ਸੂਬੇ ‘ਚ ਝੋਨੇ ਦੀ ਖਰੀਦ ਦਾ ਸਟੇਟਸ ਪੁੱਛਿਆ। ਇਸ ਬੈਠਕ ਤੋਂ ਬਾਅਦ ਮੁੱਖਮੰਤਰੀ ਕੈਪਟਨ ਨੇ ਝੋਨੇ ਦੀ ਫਸਲ ‘ਚ ਨਮੀ ਦੀ ਮਾਤਰਾ ਵਧ ਹੋਣ ਦੀ ਗੱਲ਼ ਕਹਿ ਕੇ ਕੇਂਦਰੀ ਫੂਡ ਮੰਤਰੀ ਰਾਮਵਿਲਾਸ ਪਾਸਵਾਨ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ 'ਚ ਕੈਪਟਨ ਨੇ ਸ਼ੈਲਰ ਮਾਲਕਾਂ ਨੂੰ ਝੋਨੇ ਦੀ ਫ਼ਸਲ ਸੁਕਾਉਣ ਲਈ ਮਿਲ ਰਹੀ 1 ਫ਼ੀਸਦ ਛੋਟ ਨੂੰ 2 ਫ਼ੀਸਦ ਕਰਨ ਦੀ ਗੱਲ ਕਹੀ ਹੈ।

ਕੈਪਟਨ ਨੇ ਕਿਹਾ ਕਿ ਝੋਨੇ ਦੀ ਵਾਢੀ ਤੋਂ ਠੀਕ ਕੁਝ ਦਿਨ ਪਹਿਲਾਂ ਬਾਰਿਸ਼ ਹੋ ਗਈ ਸੀ, ਜਿਸ ਕਰਕੇ ਫ਼ਸਲ ‘ਤੇ ਇਸ ਦਾ ਕਾਫੀ ਅਸਰ ਪਿਆ। ਹੁਣ ਜੇਕਰ ਸਰਕਾਰ ਫ਼ਸਲ ਖਰੀਦਦੀ ਹੈ ਤਾਂ ਅੱਗੇ ਸ਼ੈਲਰ ਮਾਲਕ ਇਸ ਨੂੰ ਨਹੀਂ ਖਰੀਦਣਗੇ। ਇਸ ਲਈ ਜ਼ਰੂਰੀ ਹੈ ਕਿ ਹੈ ਕਿ ਸ਼ੈਲਰ ਮਾਲਿਕਾਂ ਨੂੰ ਇੱਕ ਕੁਇੰਟਲ ਫ਼ਸਲ ‘ਤੇ ਮਿਲਣ ਵਾਲੀ ਡ੍ਰਾਈ (ਸੌਖੇ ਸ਼ਬਦਾਂ ਵਿੱਚ ਝੋਨੇ ਦੀ ਨਮੀ ਸੁਕਾਉਣ ਸਮੇਂ ਘਟਿਆ ਵਜ਼ਨ ਨੂੰ ਡ੍ਰਾਈ ਕਹਿੰਦੇ ਹਨ) ਨੂੰ ਵਧਾ ਕੇ ਇੱਕ ਦੀ ਥਾਂ ਦੋ ਫ਼ੀਸਦ ਕੀਤੀ ਜਾਵੇ। ਹਾਲਾਂਕਿ, ਸ਼ੈਲਰ ਮਾਲਕਾਂ ਦੀ ਮੰਗ ਹੈ ਕਿ ਇਸ ਵਾਰ ਸਰਕਾਰ 20 ਫ਼ੀਸਦ ਨਮੀ ਵਾਲਾ ਝੋਨਾ ਖਰੀਦੇ ਅਤੇ ਉਨ੍ਹਾਂ ਨੂੰ ਚਾਰ ਫ਼ੀਸਦ ਡ੍ਰਾਈ ਦੇਵੇ।

ਕੈਪਟਨ ਨੇ ਕੇਂਦਰ ਨੂੰ ਇਹ ਵੀ ਦੱਸਿਆ ਕਿ ਸੂਬੇ ਵਿੱਚ ਹੁਣ ਤਕ 130 ਲੱਖ ਮੀਟ੍ਰਿਕ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਅਜੇ ਹੋਰ ਫਸਲ ਆਉਣੀ ਬਾਕੀ ਹੈ। ਇਸ ਲਈ ਕੇਂਦਰ ਸਰਕਾਰ ਨੂੰ ਇਸ ਮਾਮਲੇ ‘ਚ ਜਲਦੀ ਛੋਟ ਦੇਣੀ ਚਾਹੀਦੀ ਹੈ ਤਾਂ ਜੋ ਖਰੀਦ ਦੀ ਪ੍ਰਕਿਰੀਆ ਆਸਾਨੀ ਨਾਲ ਪੂਰੀ ਹੋ ਸਕੇ।