Bhupesh Baghel: ਛੱਤੀਸਗੜ੍ਹ ‘ਚ CBI ਨੇ 4 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ, ਜਿਸ ਵਿੱਚ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦਾ ਘਰ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ, CBI ਦੀ ਟੀਮ ਰਾਇਪੁਰ ਅਤੇ ਭਿਲਾਈ ‘ਚ ਜਾਂਚ ਕਰਨ ਪਹੁੰਚੀ ਹੈ। ਦੱਸਣਯੋਗ ਹੈ ਕਿ CBI ਤੋਂ ਪਹਿਲਾਂ ED ਦੀ ਟੀਮ ਵੀ ਭੂਪੇਸ਼ ਬਘੇਲ ਦੇ ਘਰ ‘ਤੇ ਛਾਪੇਮਾਰੀ ਕਰ ਚੁੱਕੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, CBI ਦੀਆਂ ਟੀਮਾਂ ਨੇ ਰਾਇਪੁਰ ਅਤੇ ਭਿਲਾਈ ‘ਚ ਸਾਬਕਾ ਮੁੱਖ ਮੰਤਰੀ ਦੇ ਘਰ ਦੇ ਨਾਲ-ਨਾਲ ਇੱਕ ਸੀਨੀਅਰ ਪੁਲਿਸ ਅਧਿਕਾਰੀ ਅਤੇ ਉਨ੍ਹਾਂ ਦੇ ਨਜ਼ਦੀਕੀ ਇਕ ਵਪਾਰੀ ਦੇ ਘਰ ‘ਤੇ ਵੀ ਛਾਪੇਮਾਰੀ ਕੀਤੀ ਹੈ। ਇਹ ਕਰਵਾਈ ਮਹਾਦੇਵ ਐਪ ਮਾਮਲੇ ਨਾਲ ਜੁੜੀ ਹੋਈ ਹੈ।
ਕੁਝ ਦਿਨ ਪਹਿਲਾਂ ED ਨੇ ਛੱਤੀਸਗੜ੍ਹ ਵਿੱਚ ਕਥਿਤ ਸ਼ਰਾਬ ਘੋਟਾਲੇ ਨਾਲ ਜੁੜੇ ਧਨਸ਼ੋਧਨ ਮਾਮਲੇ 'ਚ ਪੂਰਵ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਭੂਪੇਸ਼ ਬਘੇਲ ਦੇ ਪੁੱਤਰ ਅਤੇ ਹੋਰ ਵਿਅਕਤੀਆਂ ਦੇ ਠਿਕਾਣਿਆਂ 'ਤੇ 10 ਮਾਰਚ ਨੂੰ ਛਾਪੇਮਾਰੀ ਕੀਤੀ ਸੀ।
ਜਾਣਕਾਰੀ ਮੁਤਾਬਕ ਭਿਲਾਈ 'ਚ ਚੈਤਨਯ ਬਘੇਲ ਅਤੇ ਰਾਜ ਦੇ ਕੁਝ ਹੋਰ ਵਿਅਕਤੀਆਂ ਦੇ ਠਿਕਾਣਿਆਂ 'ਤੇ ਧਨਸ਼ੋਧਨ ਨਿਵਾਰਣ ਅਧਿਨਿਯਮ (PMLA) ਦੇ ਤਹਿਤ ਤਲਾਸ਼ੀ ਲਈ ਗਈ ਸੀ।
ਟੀਮਾਂ ਚਾਰ ਇਨੋਵਾ ਕਾਰਾਂ ਵਿੱਚ ਸਵਾਰ ਹੋਕੇ ਚੈਤਨਯ ਬਘੇਲ ਦੇ ਭਿਲਾਈ ਸਥਿਤ ਆਵਾਸ ‘ਤੇ ਪਹੁੰਚੀਆਂ ਸਨ। ਰਿਪੋਰਟਾਂ ਮੁਤਾਬਕ, ਇਹ ਇੱਕ ਵੱਡੇ ਅਭਿਆਨ ਦਾ ਹਿੱਸਾ ਹੋ ਸਕਦਾ ਹੈ, ਜਿਸ ਤਹਿਤ ਕੇਂਦਰੀ ਜਾਂਚ ਏਜੰਸੀ (ED) ਨੇ ਰਾਜ ਭਰ ਵਿਚ ਲਗਭਗ 14 ਥਾਵਾਂ ‘ਤੇ ਛਾਪੇਮਾਰੀ ਕੀਤੀ।
ਇਨ੍ਹਾਂ ਵਿੱਚੋਂ ਕੁਝ ਠਿਕਾਣੇ ਚੈਤਨਯ ਬਘੇਲ ਨਾਲ ਸੰਬੰਧਤ ਦੱਸੇ ਜਾ ਰਹੇ ਹਨ। ਦਸਤਾਵੇਜ਼ ਖੰਗਾਲੇ ਜਾ ਰਹੇ ਹਨ, ਅਤੇ ਜਾਣਕਾਰੀ ਮੁਤਾਬਕ, ED ਦੀ ਟੀਮ ਕੋਇਲਾ ਘੋਟਾਲੇ ਅਤੇ ਮਹਾਦੇਵ ਸੱਟਾ ਐਪ ਮਾਮਲੇ ਦੀ ਜਾਂਚ ਕਰਨ ਲਈ ਪਹੁੰਚੀ ਸੀ।