ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਕਰੀਬ 16 ਦਿਨ ਤੋਂ ਦਿੱਲੀ ਸਰਹੱਦਾਂ 'ਤੇ ਡਟੇ ਹੋਏ ਹਨ। ਕੇਂਦਰ ਖੇਤੀ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ ਤੇ ਕਿਸਾਨ ਕਾਨੂੰਨ ਰੱਦ ਕਰਵਾਏ ਬਿਨਾਂ ਵਾਪਸ ਪਰਤਣ ਲਈ ਤਿਆਰ ਨਹੀਂ। ਅਜਿਹੇ 'ਚ ਕਿਸਾਨਾਂ ਨੇ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਬਾਰਡਰ 'ਤੇ ਹੀ ਕੀਤਾ ਹੋਇਆ ਹੈ। ਇੱਥੋਂ ਤਕ ਕਿ ਨੌਜਵਾਨਾਂ ਨੇ ਟਿੱਕਰੀ ਬਾਰਡਰ 'ਤੇ ਹਾਈਵੇਅ 'ਤੇ ਬਣੇ ਡਿਵਾਇਡਰ 'ਤੇ ਹੀ ਖੇਤੀ ਕਰਨੀ ਆਰੰਭ ਦਿੱਤੀ ਹੈ।
ਇਸ ਸਬੰਧੀ ਗਾਇਕ ਗਿੱਪੀ ਗਰੇਵਾਲ ਨੇ ਨੌਜਵਾਨਾਂ ਦੇ ਖੇਤੀ ਕਰਨ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਹੁਣ ਨਹੀਂ ਮੁੜਦੇ। ਇਸ ਵੀਡੀਓ ਨੂੰ ਤਿੰਨ ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਵੀਡੀਓ 'ਚ ਨੌਜਵਾਨ ਛੋਟੀਆਂ-ਛੋਟੀਆਂ ਕਿਆਰੀਆਂ ਸਬਜ਼ੀ ਬੀਜਣ ਲਈ ਤਿਆਰ ਕਰਦੇ ਦਿਖਾਈ ਦੇ ਰਹੇ ਹਨ।
ਖੇਤੀ ਕਰਨ ਵਾਲੇ ਨੌਜਵਾਨ ਕਰਮਜੀਤ ਦੇ ਮੁਤਾਬਕ ਧਰਨਾ ਲੰਬਾ ਚੱਲਣ ਵਾਲਾ ਹੈ ਜਿਸ ਕਾਰਨ ਉਨ੍ਹਾਂ ਹਾਈਵੇਅ 'ਤੇ ਧਨੀਆ, ਪਾਲਕ, ਮੇਥੀ ਤੇ ਮੂਲੀਆਂ ਦੀ ਪਨੀਰੀ ਲਾ ਦਿੱਤੀ ਹੈ। ਇਸ ਤੋਂ ਇਲਾਵਾ ਗੋਭੀ ਤੇ ਪਿਆਜ ਦੀ ਪਨੀਰੀ ਵੀ ਮੰਗਵਾਈ ਗਈ ਹੈ। ਉਨ੍ਹਾਂ ਕਿਹਾ ਉਹ ਹਾਈਵੇਅ 'ਤੇ ਹੀ ਸਬਜ਼ੀ ਉਗਾ ਦੇਣਗੇ।
ਕਿਸਾਨ ਸੰਘਰਸ਼ ਦੌਰਾਨ ਇਨਸਾਨੀਅਤ ਤੇ ਆਪਸੀ ਭਾਈਚਾਰਕ ਸਾਂਝ ਦੀਆਂ ਮਿਸਾਲਾਂ ਵੀ ਬਾਖੂਬੀ ਮਿਲ ਰਹੀਆਂ ਹਨ। ਕਈ ਜਥੇਬੰਦੀਆਂ ਤੋਂ ਇਲਾਵਾ ਆਮ ਲੋਕ, ਦੁਕਾਨਦਾਰ ਸਭ ਕਿਸਾਨਾਂ ਦੇ ਹੱਕ 'ਚ ਖੜੇ ਹੋ ਗਏ ਹਨ। ਅਜਿਹੇ 'ਚ ਮੁਸਲਿਮ ਕਿਸਾਨ ਨੇ ਐਲਾਨ ਕੀਤਾ ਕਿ ਦਿੱਲੀ ਮੋਰਚੇ ਕੇ ਲਈ ਮੁਫਤ ਸਬਜ਼ੀ ਲੈ ਜਾਣ। ਸੰਗਰੂਰ ਦੇ ਮੁਸਲਿਮ ਕਿਸਾਨ ਸਫੀ ਮੋਹੰਮਦ ਨੇ ਦਿੱਲੀ ਮੋਰਚੇ ਲਈ ਸਬਜ਼ੀ ਮੁਫਤ ਕਰ ਦਿੱਤੀ ਹੈ।
ਉਹ ਰੋਜ਼ਾਨਾ ਆਪਣੇ 4 ਏਕੜ 'ਚ ਬੀਜੀ ਗਈ ਗੋਭੀ, ਬੈਂਗਣ, ਮੂਲੀ, ਖੀਰਾ ਆਦਿ ਸਬਜ਼ੀ ਮੰਡੀ ਵੇਚਣ ਲਈ ਜਾਂਦਾ ਹੈ। ਇਸ ਦੌਰਾਨ ਹੀ ਉਸ ਨੇ ਐਲਾਨ ਕਰ ਦਿੱਤਾ ਕਿ ਕਿਸਾਨ ਪ੍ਰਦਰਸ਼ਨ ਲਈ ਜੇਕਰ ਕੋਈ ਸਬਜ਼ੀ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਉਹ ਮੁਫਤ ਲਿਜਾ ਸਕਦਾ ਹੈ।
ਪੰਜਾਬ ਕੈਬਨਿਟ 'ਚ ਵਾਪਸੀ ਲਈ ਸਿੱਧੂ ਨੂੰ ਕਰਨਾ ਪਵੇਗਾ ਹੋਰ ਇੰਤਜ਼ਾਰ
ਦਿੱਲੀ 'ਚ ਮੀਂਹ ਦੇ ਨਾਲ ਗੜ੍ਹਿਆਂ ਦੀ ਸੰਭਾਵਨਾ ਪਰ ਕਿਸਾਨਾਂ ਦੇ ਹੌਸਲੇ ਬੁਲੰਦ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ