ਚੰਡੀਗੜ੍ਹ: ਪਠਾਨਕੋਟ ਏਅਰਬੇਸ ਕੋਲ ਤਿੰਨ ਵਿਅਕਤੀਆਂ ਵੱਲੋਂ ਸ਼ੱਕੀ ਗਤੀਵਿਧੀਆਂ ਕੀਤੇ ਜਾਣ ਦੀ ਜਾਣਕਾਰੀ ਮਿਲਣ ਬਾਅਦ ਪਠਾਨਕੋਟ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਬਲ ਹਾਈ ਅਲਰਟ ’ਤੇ ਹਨ। ਇਹ ਜਾਣਕਾਰੀ ਇੱਕ ਸੁਰੱਖਿਆ ਅਧਿਕਾਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਥਾਨਿਕ ਲੋਕਾਂ ਨੇ ਕੱਲ੍ਹ ਰਾਤ ਅਧਿਕਾਰੀਆਂ ਨੂੰ ਏਅਰਬੇਸ ਨੇੜੇ ਤਿੰਨ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਜਿਸ ਪਿੱਛੋਂ ਪੰਜਾਬ ਪੁਲਿਸ ਨੇ ਚੇਤਾਵਨੀ ਜਾਰੀ ਕੀਤੀ ਹੈ।   ਅਧਿਕਾਰੀ ਨੇ ਦੱਸਿਆ ਕਿ ਕਲ੍ਹ ਰਾਤ ਇੱਕ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈ ਜੋ ਕੱਲ੍ਹ  ਤਕ ਜਾਰੀ ਰਿਹਾ। ਪਠਾਨਕੋਟ ਏਅਰਬੇਸ ਦੇ ਨਜ਼ਦੀਕ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜਿਸ ਆਈਟੀਆਈ ਇਮਾਰਤ ਦੇ ਨੇੜੇ ਸ਼ੱਕੀਆਂ ਨੂੰ ਵੇਖਿਆ ਗਿਆ, ਦੇ ਨਜ਼ਦੀਕ ਵੀ ਸਰਚ ਆਪਰੇਸ਼ਨ ਚੱਲ ਰਿਹਾ ਹੈ। ਆਈਜੀ (ਸਰਹੱਦ ਰੇਂਜ) ਐਸ ਪੀ ਐਸ ਪਰਮਾਰ ਨੇ ਕਿਹਾ ਕਿ ਸ਼ੱਕੀ ਗਤੀਵਾਧੀਆਂ ਦੀ ਸੂਚਨਾ ਮਿਲਣ ਪਿੱਛੋਂ ਮਿਆਰੀ ਕਦਮ ਚੁੱਕੇ ਗਏ ਹਨ।  ਪੁਲਿਸ ਇਸ ਗੱਲ ਦਾ ਸੀਸੀਟੀਵੀ ਫੁਟੇਜ ਮਿਲਣ ਦਾ ਵੀ ਦਾਅਵਾ ਕਰ ਰਹੀ ਹੈ। ਬੀਤੇ 16 ਅਪਰੈਲ ਨੂੰ ਇੱਕ ਸਥਾਨਿਕ ਵਸਨੀਕ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਲਿਫ਼ਟ ਦੇਣ ਦਾ ਦਾਅਵਾ ਕੀਤਾ ਜਿਸ ਤੋਂ ਬਾਅਦ ਵਿਆਪਕ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਦੀਨਾਨਗਰ ਤੇ ਪਠਾਨਕੋਟ ਦੇ ਹਵਾਈ ਫੌਜ ਦੇ ਅੱਡੇ ਤੇ ਕ੍ਰਮਵਾਰ ਜੁਲਾਈ, 2015 ਤੇ ਜਨਵਰੀ, 2016 ’ਚ ਅੱਤਵਾਦੀਆਂ ਨੇ ਹਮਲੇ ਕੀਤੇ ਸਨ।