ਤਰਨ ਤਾਰਨ: ਇਟਲੀ ਵਿੱਚ ਗਏ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ਵਿੱਚ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ।

ਮ੍ਰਿਤਕ ਦੀ ਪਛਾਣ ਦਰਸ਼ਨ ਸਿੰਘ ਵਾਸੀ ਪਿੰਡ ਠੱਠੀਖਾਰਾ, ਤਰਨ ਤਾਰਨ ਵਜੋਂ ਹੋਈ ਹੈ। ਉਹ ਕੰਮਕਾਜ ਕਰਨ ਲਈ ਰੋਮ ਵਿੱਚ ਗਿਆ ਸੀ। ਉਸ ਦੇ ਮੌਤ ਮਗਰੋਂ ਪਰਿਵਾਰ ਤੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਮ੍ਰਿਤਕ ਦੇ ਪਿਤਾ ਕਾਬਲ ਸਿੰਘ ਨੇ ਕਿਹਾ, "ਉਸ ਨੂੰ ਰੋਜ਼ੀ ਰੋਟੀ ਕਮਾਉਣ ਲਈ ਭੇਜਿਆ ਗਿਆ ਸੀ, ਇੱਕ ਵਿਦੇਸ਼ੀ ਕੰਪਨੀ ਨੇ ਉਸ ਦੇ 70 ਲੱਖ ਰੁਪਏ ਵੀ ਨਹੀਂ ਦਿੱਤੇ। ਉਹ ਅਜੇ ਇਟਲੀ ਵਿੱਚ ਪੱਕਾ ਨਹੀਂ ਹੋਇਆ ਸੀ। ਇਸ ਲਈ ਕੁਝ ਕਰ ਨਹੀਂ ਸਕਿਆ। ਪਰਿਵਾਰ ਨੇ ਸਭ ਕੁਝ ਵੇਚ ਕਿ ਉਸ ਨੂੰ ਪੈਸੇ ਭੇਜੇ। ਉਸ ਨਾਲ ਇੱਕ ਲੜਕੀ ਵੀ ਰਹਿੰਦੀ ਸੀ ਉਸ ਦਾ ਵੀ ਪਤਾ ਲਾਇਆ ਜਾਵੇ।"

ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੜਕੇ ਦੀ ਮ੍ਰਿਤਕ ਦੇਹ ਨੂੰ ਭਾਰਤ ਮੰਗਵਾਇਆ ਜਾਵੇ ਤਾਂ ਜੋ ਉਸ ਦਾ ਸਸਕਾਰ ਉਸ ਦੇ ਪਰਿਵਾਰ ਵਾਲੇ ਕਰ ਸਕਣ। ਪਿੰਡ ਵਾਸੀਆਂ ਨੇ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ।