ਜਕਾਰਤਾ: ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਬੁੱਧਵਾਰ ਨੂੰ ਇਤਿਹਾਸ ਸਿਰਜ ਦਿੱਤਾ। ਪੁਰਸ਼ਾਂ ਦੀ ਨਿੱਜੀ ਰਿਵਰਕ ਇਵੈਂਟ ਵਿੱਚ ਸੋਨ ਤਗ਼ਮਾ ਜਿੱਤ ਲਿਆ। ਇਹ ਪ੍ਰਾਪਤੀ ਉਸ ਨੇ ਇਹ ਪ੍ਰਾਪਤੀ ਲੱਤਾਂ ਦੇ ਸਹੀ ਕੰਮ ਨਾ ਕਰਦੇ ਹੋਣ ਦੇ ਬਾਵਜੂਦ ਕੀਤੀ ਹੈ। ਹਰਵਿੰਦਰ ਤੋਂ ਇਲਾਵਾ ਦੋ ਹੋਰ ਭਾਰਤੀਆਂ ਨੇ ਵੀ ਚਾਂਦੀ ਤੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ।
ਹਰਵਿੰਦਰ ਨੇ ਡਬਲਿਊ 2/ਐਸਟੀ ਵਰਗ ਦੇ ਫਾਈਨਲ ਵਿੱਚ ਚੀਨ ਦੇ ਢਾਓ ਲਿਸ਼ਊ ਨੂੰ 6-0 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰਦਿਆਂ ਭਾਰਤ ਦੀ ਝੋਲੀ 7ਵਾਂ ਗੋਲਡ ਮੈਡਲ ਪਾਇਆ ਹੈ। ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅਰਥਸ਼ਾਸਤਰ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਹੈ। ਉਹ ਸਰੀਰਕ ਅਸਮਰਥਤਾ ਦੇ ਬਾਵਜੂਦ ਆਪਣੀ ਪ੍ਰਾਪਤੀ 'ਤੇ ਬੇਹੱਦ ਖ਼ੁਸ਼ ਹੈ।
ਡਬਲਿਊ 2 ਵਰਗ ਅਜਿਹੇ ਖਿਡਾਰੀ ਹੁੰਦੇ ਹਨ ਜਿਨ੍ਹਾਂ ਦੇ ਗੋਡੇ ਤੋਂ ਹੇਠਾਂ ਪੈਰ ਕੰਮ ਨਹੀਂ ਕਰਦੇ, ਇਸ ਲਈ ਉਹ ਆਪਣੇ ਪੈਰਾਂ 'ਤੇ ਖੜ੍ਹੇ ਨਹੀਂ ਹੋ ਸਕਦੇ ਤੇ ਵ੍ਹੀਲ ਚੇਅਰ ਦੀ ਲੋੜ ਪੈਂਦੀ ਹੈ। ਜਦਕਿ ਐਸਟੀ ਵਰਗ ਦੇ ਤੀਰਅੰਦਾਜ਼ ਸੀਮਤ ਤੌਰ 'ਤੇ ਅਪਾਹਜ ਹੁੰਦੇ ਹਨ ਤੇ ਵ੍ਹੀਲ ਚੇਅਰ ਦੇ ਬਿਨਾ ਨਿਸ਼ਾਨਾ ਲਾ ਸਕਦੇ ਹਨ। ਹਰਵਿੰਦਰ ਸਿੰਘ ਨੇ ਇਹ ਪ੍ਰਾਪਤੀ ਸਾਬਕਾ ਤੀਰਅੰਦਾਜ਼ੀ ਕੋਚ ਜੀਵਨਜੋਤ ਸਿੰਘ ਦੀ ਅਗਵਾਈ ਹੇਠ ਕੀਤੀ ਹੈ।
ਇਸ ਤੋਂ ਇਲਾਵਾ ਟ੍ਰੈਕ ਤੇ ਫੀਲਡ ਵਿੱਚ ਮੋਨੂੰ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ 35.89 ਮੀਟਰ ਦੀ ਦੂਰੀ ਤਕ ਚੱਕਾ ਸੁੱਟ ਕੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਇਸ ਤੋਂ ਇਲਾਵਾ ਮੁਹੰਮਦ ਯਾਸਿਰ ਨੇ 14.22 ਮੀਟਰ ਗੋਲ਼ਾ ਸੁੱਟ ਕੇ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ।