ਪੁਸ਼ਕਰ: ਰਾਜਸਥਾਨ ਦੇ ਪੁਸ਼ਕਰ ‘ਚ ਅੰਤਰਾਸ਼ਟਰੀ ਪਸ਼ੂ ਮੇਲੇ ‘ਚ ਵੱਖ-ਵੱਖ ਕਿਸਮ ਦੇ ਕਰੀਬ ਪੰਜ ਹਜ਼ਾਰ ਤੋਂ ਜ਼ਿਆਦਾ ਪਸ਼ੂ ਪਹੁੰਚੇ। ਇਸ ‘ਚ ਮੁਰ੍ਹਾ ਨਸਲ ਦਾ ਝੋਟਾ ਭੀਮ ਵੀ ਹੈ। 14 ਕਰੋੜ ਦਾ ਇਹ ਝੋਟਾ ਮੇਲੇ ‘ਚ ਦੂਜੀ ਵਾਰ ਪ੍ਰਦਰਸ਼ਨ ਲਈ ਆਇਆ ਹੈ। 1300 ਕਿਲੋ ਵਜ਼ਨੀ ਇਹ ਝੋਟਾ ਸਾਢੇ ਛੇ ਸਾਲ ਦਾ ਹੈ। ਇਸ ਨੂੰ ਉਸ ਦਾ ਮਾਲਕ ਜਵਾਹਰ ਲਾਲ ਜਾਂਗੜੀ, ਬੇਟੇ ਅਰਵਿੰਦ ਜਾਂਗੜੀ ਨਾਲ ਜੋਧਪੁਰ ਤੋਂ ਪੁਸ਼ਕਰ ਲੈ ਕੇ ਪਹੁੰਚਿਆ ਹੈ।

ਝੋਟੇ ਭੀਮ ਦੀ ਦੇਖਭਾਲ ਤੇ ਖਾਣ 'ਤੇ ਹਰ ਮਹੀਨੇ ਡੇਢ ਲੱਖ ਖ਼ਰਚ ਕੀਤੇ ਜਾ ਰਹੇ ਹਨ। ਅਰਵਿੰਦ ਨੇ ਦੱਸਿਆ ਕਿ ਭੀਮ ਨੂੰ ਹਰ ਰੋਜ਼ ਇੱਕ ਕਿਲੋ ਘਿਓ, ਅੱਧਾ ਕਿਲੋ ਮੱਖਣ, 200 ਗ੍ਰਾਮ ਸ਼ਹਿਦ, 25 ਲੀਟਰ ਦੁੱਧ, ਇੱਕ ਕਿਲੋ ਕਾਜੂ-ਬਦਾਮ ਆਦਿ ਖੁਆਇਆ ਜਾਂਦਾ ਹੈ। ਅਰਵਿੰਦ ਮੁਤਾਬਕ ਉਹ ਮੇਲੇ ‘ਚ ਝੋਟੇ ਨੂੰ ਵੇਚਣ ਨਹੀਂ ਸਗੋਂ ਸਿਰਫ ਪ੍ਰਦਰਸ਼ਨ ਲਈ ਆਏ ਹਨ।

ਪਿਛਲੇ ਸਾਲ ਉਹ ਪਹਿਲੀ ਵਾਰ ਭੀਮ ਨੂੰ ਲੈ ਕੇ ਮੇਲੇ ‘ਚ ਪਹੁੰਚੇ ਸੀ। ਇਸ ਤੋਂ ਬਾਅਦ ਕਈ ਪਸ਼ੂ ਮੇਲਿਆਂ ‘ਚ ਵੀ ਹਿੱਸਾ ਲੈ ਕੇ ਕਈ ਅਵਾਰਡ ਜਿੱਤੇ ਹਨ। ਭੀਮ ਦਾ ਵਜ਼ਨ ਇੱਕ ਸਾਲ ‘ਚ ਸੌ ਕਿਲੋ ਤੇ ਕੀਮਤ ਦੋ ਕਰੋੜ ਵਧੀ ਹੈ। ਪਿਛਲੀ ਵਾਰ ਭੀਮ ਦਾ ਵਜ਼ਨ 1200 ਕਿਲੋ ਸੀ ਤੇ ਇਸ ਦੀ ਕੀਮਤ 12 ਕਰੋੜ ਐਲਾਨੀ ਗਈ ਸੀ। ਹੁਣ ਇਸ ਦੇ ਖਰੀਦਾਰ ਭੀਮ ਦੀ ਕੀਮਤ 14 ਕਰੋੜ ਰੁਪਏ ਦੇਣ ਲਈ ਵੀ ਤਿਆਰ ਹਨ।

ਦਰਅਸਲ ਮਾਰੂਥਲ ਦੀ ਧਰਤੀ 'ਚ ਸਜਾਏ ਗਏ ਜਾਨਵਰਾਂ ਦੇ ਬਾਜ਼ਾਰ 'ਚ ਬਹੁਤ ਸਾਰੇ ਉਠ ਤੇ ਘੋੜੇ ਆਪਣੀ ਜਾਤ, ਕੱਦ ਤੇ ਕਾਠੀ ਕਰਕੇ ਮੇਲੇ 'ਚ ਆਉਣ ਵਾਲੇ ਦੇਸ਼ੀ ਤੇ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਹੇ ਹਨ।