ਪ੍ਰਯਾਗਰਾਜ: ਅਯੁੱਧਿਆ ਵਿੱਚ ਰਾਮਲੱਲਾ ਦੇ ਮੰਦਰ ਦੀ ਉਸਾਰੀ ਲਈ ਇਨ੍ਹੀਂ ਦਿਨੀਂ ਦੇਸ਼ 'ਚ ਚੰਦਾ ਇਕੱਠਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਦਵਾਰਕਾ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਨੇ ਇਸ ਚੰਦੇ ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਕਿਹਾ ਹੈ ਕਿ ਜੋ ਚੰਦਾ ਇਕੱਠਾ ਕੀਤਾ ਜਾ ਰਿਹਾ ਹੈ ਉਹ ਅਯੁੱਧਿਆ ਵਿੱਚ ਰਾਮਲਲਾ ਦੇ ਮੰਦਰ ਦੀ ਉਸਾਰੀ ਲਈ ਨਹੀਂ ਬਲਕਿ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਦਫ਼ਤਰ ਬਣਾਉਣ ਲਈ ਕੀਤਾ ਜਾ ਰਿਹਾ।



ਸਵਾਮੀ ਸਵਰੂਪਾਨੰਦ ਨੇ ਸੰਘ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਲੋਕਾਂ ਤੋਂ ਸਵਾਲ ਪੁੱਛਿਆ ਹੈ ਕਿ ਆਖਰ ਉਹ ਕਿਸ ਹੱਕ ਨਾਲ ਮੰਦਰ ਦੇ ਨਾਮ ਤੇ ਲੋਕਾਂ ਤੋਂ ਚੰਦਾ ਵਸੂਲ ਰਹੇ ਹਨ। ਉਨ੍ਹਾਂ ਮੁਤਾਬਕ ਸੰਘ-ਬੀਜੇਪੀ ਤੇ ਵੀਐਚਪੀ ਦੇ ਲੋਕ ਰਾਮ ਨੂੰ ਰੱਬ ਦੀ ਥਾਂ ਮਰੀਆਦਾ ਪੁਰਸ਼ੋਤਮ ਮੰਨਦੇ ਹਨ। ਮਹਾਂਪੁਰਸ਼ਾਂ ਦੀਆਂ ਮੂਰਤੀਆਂ ਲੱਗਦੀਆਂ ਹਨ, ਜਦੋਂਕਿ ਪ੍ਰਮਾਤਮਾ ਦਾ ਮੰਦਰ ਬਣਾਇਆ ਜਾਂਦਾ ਹੈ ਤੇ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਡਰ ਹੈ ਕਿ ਚੰਦੇ ਦੀ ਰਕਮ ਦੀ ਦੁਰਵਰਤੋਂ ਹੋ ਸਕਦੀ ਹੈ। ਉਸ ਅਨੁਸਾਰ, ਰਾਮ ਮੰਦਰ ਅੰਦੋਲਨ ਦੌਰਾਨ ਇਕੱਤਰ ਕੀਤੇ ਗਏ ਦਾਨ ਦਾ ਕੋਈ ਲੇਖਾ-ਜੋਖਾ ਨਹੀਂ।

ਉਨ੍ਹਾਂ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਅੰਦੋਲਨ ਦੀ ਹਮਾਇਤ ਕੀਤੀ ਹੈ ਤੇ ਸਰਕਾਰ ਤੋਂ ਕਿਸਾਨਾਂ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਜਦ ਕਿਸਾਨ ਇਸ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ ਫੇਰ ਸਰਕਾਰ ਕਿਉਂ ਅੜੀ ਹੋਈ ਹੈ।