ਨਵੀਂ ਦਿੱਲੀ: ਟਰੈਕਟਰ ਪਰੇਡ ਦੌਰਾਨ ਨੌਜਵਾਨ ਨਵਰੀਤ ਸਿੰਘ ਹੁੰਦਲ ਦੀ ਮੌਤ ਬਾਰੇ ਜਾਂਚ ਹੋਣ ਦੀ ਉਮੀਦ ਬੱਝੀ ਹੈ। ਨਵਰੀਤ ਸਿੰਘ ਦੇ ਦਾਦੇ ਹਰਦੀਪ ਸਿੰਘ ਡਿਬਡਿਬਾ ਵੱਲੋਂ ਪਾਈ ਗਈ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਦਿੱਲੀ ਪੁਲਿਸ, ਉੱਤਰ ਪ੍ਰਦੇਸ਼ ਪੁਲਿਸ ਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ।
ਦੱਸ ਦਈਏ ਕਿ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੌਰਾਨ ਆਈਟੀਓ ਨੇੜੇ ਉੱਤਰ ਪ੍ਰਦੇਸ਼ ਦੇ ਨੌਜਵਾਨ ਨਵਰੀਤ ਸਿੰਘ ਹੁੰਦਲ ਦੀ ਟਰੈਕਟਰ ਪਲਟਣ ਨਾਲ ਮੌਤ ਹੋ ਗਈ ਸੀ। ਬਾਅਦ ਵਿੱਚ ਸਵਾਲ ਉੱਠਿਆ ਸੀ ਕਿ ਨਵਰੀਤ ਦੇ ਸਿਰ ਵਿੱਚ ਪੁਲਿਸ ਦੀ ਗੋਲੀ ਲੱਗੀ ਸੀ। ਬੇਸ਼ੱਕ ਦਿੱਲੀ ਪੁਲਿਸ ਨੇ ਇਸ ਤੋਂ ਇਨਕਾਰ ਕੀਤਾ ਸੀ।
ਇਸ ਮਗਰੋਂ ਨਵਰੀਤ ਸਿੰਘ ਦੇ ਦਾਦੇ ਹਰਦੀਪ ਸਿੰਘ ਨੇ ਜਾਂਚ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਹਾਈਕੋਰਟ ਨੇ ਦਿੱਲੀ ਪੁਲਿਸ ਨੂੰ ਜਾਂਚ ਬਾਰੇ ਸਥਿਤੀ ਰਿਪੋਰਟ 26 ਫਰਵਰੀ ਜਾਂ ਇਸ ਤੋਂ ਪਹਿਲਾਂ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਸਥਿਤੀ ਰਿਪੋਰਟ ਦੀ ਨਕਲ ਪਟੀਸ਼ਨਕਰਤਾ ਨੂੰ ਦੇਣ ਦੀ ਵੀ ਹਦਾਇਤ ਕੀਤੀ ਹੈ।
ਇਸ ਤੋਂ ਇਲਾਵਾ ਜਸਟਿਸ ਯੋਗੇਸ਼ ਖੰਨਾ ਨੇ ਰਾਮਪੁਰ ਹਸਪਤਾਲ ਦੇ ਮੁੱਖ ਮੈਡੀਕਲ ਅਧਿਕਾਰੀ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਨਵਰੀਤ ਦਾ ਪੋਸਟਮਾਰਟਮ ਰਾਮਪੁਰ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਗਿਆ ਸੀ। ਮ੍ਰਿਤਕ ਦੇ ਦਾਦੇ ਹਰਦੀਪ ਸਿੰਘ ਵੱਲੋਂ ਪੇਸ਼ ਹੋਈ ਵਕੀਲ ਵਰਿੰਦਾ ਗਰੋਵਰ ਨੇ ਦੱਸਿਆ ਕਿ ਉਨ੍ਹਾਂ ਅਦਾਲਤ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਰਾਹੀਂ ਨਵਰੀਤ ਦੀ ਮੌਤ ਦੀ ਜਾਂਚ ਮੰਗੀ ਹੈ।
ਉਨ੍ਹਾਂ ਦਾਅਵਾ ਕੀਤਾ ਹੈ ਕਿ ਨੌਜਵਾਨ ਟਰੈਕਟਰ ਚਾਲਕ ਦੀ ਮੌਤ ਸਿਰ ਵਿੱਚ ਗੋਲੀ ਲੱਗਣ ਕਾਰਨ ਹੋਈ ਹੈ। ਵਕੀਲ ਨੇ ਕਿਹਾ ਕਿ ਚਸ਼ਮਦੀਦਾਂ ਦੇ ਬਿਆਨ ਤੇ ਡਾਕਟਰੀ ਰਾਏ ਤੋਂ ਇਹ ਸਾਫ਼ ਹੁੰਦਾ ਹੈ ਕਿ ਨਵਰੀਤ ਦੀ ਮੌਤ ਦਿੱਲੀ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਯੂਕੇ ਆਧਾਰਤ ਡਾਕਟਰ ਨੇ ਵੀ ਕਿਹਾ ਹੈ ਕਿ ਨਵਰੀਤ ਦੇ ਜਿਹੜੇ ਜ਼ਖ਼ਮ ਹਨ, ਉਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਸ ਦੇ ਸਿਰ ’ਚ ਇੱਕ ਜਾਂ ਦੋ ਗੋਲੀਆਂ ਲੱਗੀਆਂ ਹਨ।
ਅਦਾਲਤ ਨੇ ਦਿੱਲੀ ਪੁਲਿਸ ਨੂੰ ਸੀਸੀਟੀਵੀ ਫੁਟੇਜ, ਹੋਰ ਦਸਤਾਵੇਜ਼ ਤੇ ਇਲੈਕਟ੍ਰਾਨਿਕ ਸਬੂਤ ਸਾਂਭ ਕੇ ਰੱਖਣ ਦੇ ਹੁਕਮ ਦਿੱਤੇ ਹਨ। ਦਿੱਲੀ ਸਰਕਾਰ ਦੇ ਵਕੀਲ ਰਾਹੁਲ ਮਹਿਰਾ ਨੇ ਪੁਲਿਸ ਵੱਲੋਂ ਪੇਸ਼ ਹੁੰਦਿਆਂ ਕਿਹਾ ਕਿ ਉਸ ਨੂੰ ਜਿਹੜੀ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਨਵਰੀਤ ਸਿੰਘ ਦੀ ਮੌਤ ਆਈਟੀਓ ’ਤੇ ਟਰੈਕਟਰ ਪਲਟਣ ਕਾਰਨ ਹੋਈ ਹੈ।