ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਮ ਚੋਣਾਂ ਵਿੱਚ ਪਾਰਟੀ ਵੱਲੋਂ ਮੰਦਾ ਪ੍ਰਦਰਸ਼ਨ ਕਰਨ ਪਿੱਛੇ ਸੀਨੀਅਰ ਆਗੂਆਂ ਦੇ ਨਿੱਜੀ ਹਿਤਾਂ ਨੂੰ ਕਾਰਨ ਦੱਸਿਆ। ਉਨ੍ਹਾਂ ਸੀਨੀਅਰ ਆਗੂਆਂ ਦਾ ਨਾਂਅ ਲਏ ਬਗ਼ੈਰ ਖਰੀਆਂ ਖਰੀਆਂ ਸੁਣਾਉਂਦਿਆਂ ਕਿਹਾ ਕਿ ਕਾਂਗਰਸ ਦੇ ਤਿੰਨ ਸੀਨੀਅਰ ਲੀਡਰਾਂ ਨੇ ਪਾਰਟੀ ਨਾਲੋਂ ਆਪਣੇ ਪੁੱਤਰਾਂ ਨੂੰ ਤਰਜੀਹ ਦਿੱਤੀ। ਰਾਹੁਲ ਦੀ ਭੈਣ ਪ੍ਰਿਅੰਕਾ ਨੇ ਖਿਚਾਈ ਕਰਦਿਆਂ ਕਿਹਾ ਕਿ ਸਾਰੀ ਸੀਨੀਅਰ ਲੀਡਰਸ਼ਿਪ ਨੇ ਰਾਹੁਲ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ਿਲਾਫ਼ ਲੜਨ ਲਈ ਇਕੱਲਾ ਛੱਡ ਦਿੱਤਾ ਸੀ।


25 ਮਈ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਬਾਰੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਨੇ ਆਪਣਾ ਅਹੁਦਾ ਛੱਡਣ ਦੀ ਪੇਸ਼ਕਸ਼ ਵੀ ਕਰ ਦਿੱਤੀ ਸੀ। ਇਸ ਦੀ ਪੁਸ਼ਟੀ ਬਾਅਦ ਵਿੱਚ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕੀਤੀ ਸੀ, ਜਿਨ੍ਹਾਂ ਨੇ ਪਹਿਲਾਂ ਇਸ ਖ਼ਬਰ ਨੂੰ ਨਕਾਰ ਦਿੱਤਾ ਸੀ। ਰਾਹੁਲ ਗਾਂਧੀ ਨੇ ਇੱਥੋਂ ਤਕ ਕਹਿ ਦਿੱਤਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਗਾਂਧੀ ਪਰਿਵਾਰ ਦਾ ਕੋਈ ਹੋਰ ਮੈਂਬਰ ਇਸ ਅਹੁਦੇ ’ਤੇ ਆਏ।

ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਸ ਕਮਰੇ ’ਚ ਬੈਠੇ ਸਾਰੇ ਲੀਡਰ ਹੀ ਪਾਰਟੀ ਦੀ ਹਾਰ ਲਈ ਜ਼ਿੰਮੇਵਾਰ ਹਨ। ਪਾਰਟੀ ਦੇ ਕੁਝ ਆਗੂਆਂ ਨੇ ਜਦੋਂ ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਕਿਹਾ ਤਾਂ ਪ੍ਰਿਅੰਕਾ ਨੇ ਪੁੱਛਿਆ ਕਿ ਉਹ ਉਸ ਸਮੇਂ ਕਿੱਥੇ ਸਨ ਜਦੋਂ ਉਸ ਦਾ ਭਰਾ ਸਾਰੇ ਪਾਸੇ ਇਕੱਲਾ ਲੜ ਰਿਹਾ ਸੀ।

ਪਾਰਟੀ ਦੇ ਉੱਚ ਪੱਧਰੀ ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਆਪਣੇ ਪੁੱਤਰਾਂ ਨੂੰ ਜਿਤਵਾਉਣ ਲਈ ਹੀ ਜ਼ੋਰ ਲਗਾਉਂਦੇ ਰਹੇ ਤੇ ਪਾਰਟੀ ਨੂੰ ਅਣਗੌਲਿਆ ਕਰ ਦਿੱਤਾ।