ਰਾਜੀਵ ਕੁਮਾਰ 1989 ਬੈਚ ਦੇ ਅਧਿਕਾਰੀ ਹਨ। ਕਰੀਬ 2,500 ਕਰੋੜ ਦੇ ਸ਼ਾਰਦਾ ਚਿਟ ਫੰਡ ਘਪਲੇ ਦੀ ਜਾਂਚ ਲਈ 2013 ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਇਸ ਦਾ ਮੁਖੀ ਲਾਇਆ ਗਿਆ ਸੀ। ਉਨ੍ਹਾਂ 'ਤੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲੱਗੇ ਹਨ। ਸ਼ਾਰਦਾ ਘਪਲੇ ਦੀ ਜਾਂਚ ਨਾਲ ਸਬੰਧਿਤ ਕੁਝ ਅਹਿਮ ਫਾਈਲਾਂ ਤੇ ਦਸਤਾਵੇਜ਼ ਗਾਇਬ ਹੋਣ ਦੀ ਸੰਭਾਵਨਾ ਹੈ। ਇਸੇ ਸਿਲਸਿਲੇ ਵਿੱਚ ਪੁਲਿਸ ਕੁਮਾਰ ਕੋਲੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ।
ਯਾਦ ਰਹੇ ਸੀਬੀਆਈ ਦੀ ਟੀਮ 3 ਫਰਵਰੀ ਨੂੰ ਵੀ ਕੁਮਾਰ ਦੇ ਘਰ ਪੁੱਛਗਿੱਛ ਲਈ ਪਹੁੰਚੀ ਸੀ ਪਰ ਉਸ ਸਮੇਂ ਕੋਲਕਾਤਾ ਪੁਲਿਸ ਨੇ ਸੀਬੀਆਈ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਮੁੱਖ ਮੰਤਰੀ ਮਮਤਾ ਬੈਨਰਜੀ ਤਾਂ ਕੁਮਾਰ ਦੇ ਪੱਖ ਵਿੱਚ ਤੇ ਸੀਬੀਆਈ ਦੀ ਕਾਰਵਾਈ ਦੇ ਵਿਰੋਧ ਵਿੱਚ ਧਰਨੇ 'ਤੇ ਬੈਠ ਗਏ ਸਨ। ਮਗਰੋਂ ਸੀਬੀਆਈ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ ਰਾਜੀਵ ਕੁਮਾਰ ਨੂੰ ਸੀਬੀਆਈ ਸਾਹਮਣੇ ਪੇਸ਼ ਹੋਣ ਤੇ ਇਮਾਨਦਾਰੀ ਨਾਲ ਜਾਂਚ ਵਿੱਚ ਸਹਿਯੋਗ ਦੇਣ ਦਾ ਹੁਕਮ ਦਿੱਤਾ ਸੀ।