ਮਹਿੰਗਾ ਪੈਟਰੋਲ ਵੇਚ ਕੇ ਮੋਦੀ ਪਹੁੰਚਾ ਰਹੇ ਕਾਰੋਬਾਰੀ ਯਾਰਾਂ ਨੂੰ ਫਾਇਦਾ: ਰਾਹੁਲ ਗਾਂਧੀ
ਏਬੀਪੀ ਸਾਂਝਾ | 04 May 2018 06:09 PM (IST)
ਬਿਦਰ (ਕਰਨਾਟਕ): ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਜ਼ੋਰ-ਸ਼ੋਰ ਨਾਲ ਡਟੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਧਦੀ ਮਹਿੰਗਾਈ ਨੂੰ ਲੈ ਕੇ ਇੱਕ ਵਾਰ ਫਿਰ ਮੋਦੀ ਸਰਕਾਰ ਨੂੰ ਘੇਰਿਆ ਹੈ। ਬਿਦਰ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਦੁਨੀਆ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟ ਰਹੀਆਂ ਹਨ ਤਾਂ ਭਾਰਤ ਵਿੱਚ ਇਹ ਸਸਤਾ ਕਿਉਂ ਨਹੀਂ ਮਿਲ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਕੱਸਦਿਆਂ ਉਨ੍ਹਾਂ ਕਿਹਾ ਕਿ ਪੈਟਰੋਲ ਤੋਂ ਬਚ ਰਿਹਾ ਸਾਰਾ ਪੈਸਾ ਨਰਿੰਦਰ ਮੋਦੀ ਆਪਣੇ 5-10 ਉਦਯੋਗਪਤੀ ਮਿੱਤਰਾਂ ਨੂੰ ਵੰਡੀ ਜਾ ਰਹੇ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਕਰਨਾਟਕ ਵਾਸੀਆਂ ਦਾ ਪੈਸਾ ਦਿਵਾਉਣ ਦੀ ਲੜਾਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੀਜੇਪੀ ਆਗੂ ਲੋਕਾਂ ਦਾ ਪੈਸਾ ਖੋਹ ਕੇ ਨੀਰਵ ਮੋਦੀ ਦੇ ਰੈਡੀ ਭਰਾਵਾਂ ਨੂੰ ਦਿੰਦੇ ਹਨ। 4 ਸਾਲਾਂ ’ਚ ਮੋਦੀ ਨੇ ਕਿਸਾਨਾਂ ਦੀ ਇੱਕ ਰੁਪਇਆ ਵੀ ਮਾਫ ਨਹੀਂ ਕੀਤਾ। ਦੱਸਿਆ ਜਾਂਦਾ ਹੈ ਕਿ ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਕਰਕੇ ਲੋਕ ਪ੍ਰੇਸ਼ਾਨ ਹਨ। ਮੁੰਬਈ, ਭੋਪਾਲ ਤੇ ਪਟਨਾ ਸਣੇ ਕਈ ਸ਼ਹਿਰਾਂ ’ਚ ਪੈਟਰੋਲ-ਡੀਜ਼ਲ ਦੀ ਕੀਮਤ ਕਰੀਬ 80 ਰੁਪਏ ਤਕ ਪਹੁੰਚ ਗਈ ਹੈ। ਮਹਿੰਗੇ ਡੀਜ਼ਲ ਕਾਰਨ ਕਿਸਾਨ ਪ੍ਰੇਸ਼ਾਨ ਹਨ ਪਰ ਸਰਕਾਰ ਨੇ ਸਾਫ-ਸਾਫ ਕਹਿ ਦਿੱਤਾ ਹੈ ਕਿ ਐਕਸਾਈਜ਼ ਡਿਊਟੀ ’ਚ ਫ਼ਿਲਹਾਲ ਕੋਈ ਕਮੀ ਨਹੀਂ ਕੀਤੀ ਜਾਵੇਗੀ। ਰਾਹੁਲ ਦੇ ਇਸ ਦੋਸ਼ ਸਬੰਧੀ ਸਰਕਾਰ ਦੇ ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਵੀ ਪਿਛਲੇ ਦਿਨੀਂ ਕਿਹਾ ਸੀ ਕਿ ਜੇ ਸਰਕਾਰ ਐਲਪੀਜੀ ਦੀਆਂ ਕੀਮਤਾਂ ਵਧਾਏਗੀ ਤਾਂ ਤੇਲ ਦੀਆਂ ਕੀਮਤਾਂ ਸਰਕਾਰ ਦੇ ਵਿੱਤੀ ਗਣਿਤ ’ਤੇ ਅਸਰ ਪਾਉਣਗੀਆਂ। ਕਾਂਗਰਸ ਨੇ ਨਰਿੰਦਰ ਮੋਦੀ ਦੀ ਸਰਕਾਰ ’ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਦਾ ਵਾਧਾ ਰੋਕਣ ਵਿੱਚ ਅਸਫਲ ਰਹਿਣ ਦਾ ਇਲਜ਼ਾਮ ਲਾਇਆ ਹੈ। ਕੀ ਕੁਝ ਕਿਹਾ ਰਾਹੁਲ ਨੇ? ਚੋਣ ਰੈਲੀ ਤੋਂ ਪਹਿਲਾਂ ਰਾਹੁਲ ਨੇ ਬਿਦਰ ਦੇ ਗੁਰਦਵਾਰੇ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਅਮਿਤ ਸ਼ਾਹ ਨੇ ਖ਼ੁਦ ਕਿਹਾ ਕਿ ਸਭ ਤੋਂ ਭ੍ਰਿਸ਼ਟ ਮੰਤਰੀ ਯੇਦੂਯਰੱਪਾ ਸੀ। ਅਜਿਹੇ ਵਿੱਚ ਕੀ ਮੋਦੀ ਚਾਹੁਣਗੇ ਕਿ ਰੈਡੀ ਭਰਾ ਤੇ ਯੇਦੂਯਰੱਪਾ ਕਰਨਾਟਕ ਦੇ ਪੈਸਾ ਲੁੱਟਣ? ਮੋਦੀ ’ਤੇ ਹਮਲਾ ਕਰਦਿਆਂ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਨੱਕ ਥੱਲਿਓਂ ਚੋਰੀ ਹੋ ਰਹੀ ਹੈ ਪਰ ਉਹ ਮੂੰਹੋਂ ਇੱਕ ਸ਼ਬਦ ਨਹੀਂ ਬੋਲਦੇ। ਮਹਿਲਾ ਸੁਰੱਖਿਆ ਸਬੰਧੀ ਉਨ੍ਹਾਂ ਕਿਹਾ ਕਿ ਮੋਦੀ ਦਾ ਨਾਅਰਾ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਤੋਂ ਬਦਲ ਕੇ ‘ਬੇਟੀ ਬਚਾਓ ਬੀਜੇਪੀ ਕੇ ਐਮਐਲਏ ਸੇ’ ਹੋ ਗਿਆ ਹੈ