ਨਵੀਂ ਦਿੱਲੀ: ਤਿੰਨ ਸੂਬਿਆਂ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਪੈਦਾ ਹੋਏ ਮੁੱਖ ਮੰਤਰੀ ਨਿਯੁਕਤ ਕਰਨ ਦੇ ਰੇੜਕੇ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਆਖ਼ਰ ਹੱਲ ਕਰ ਹੀ ਲਿਆ ਹੈ। ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਲਈ ਕਮਲ ਨਾਥ ਦੇ ਨਾਂਅ 'ਤੇ ਸਹੀ ਪਾਈ ਹੈ ਅਤੇ ਉਹ 15 ਦਸੰਬਰ ਨੂੰ ਸੀਐਮ ਦੇ ਅਹੁਦੇ ਦੀ ਸਹੁੰ ਚੁੱਕਣਗੇ। ਇਸ ਤੋਂ ਇਲਾਵਾ ਛੱਤੀਗੜ੍ਹ ਅਤੇ ਰਾਜਸਥਾਨ ਦੇ ਲਈ ਮੁੱਖ ਮੰਤਰੀ ਦਾ ਐਲਾਨ ਹੋਣਾ ਬਾਕੀ ਹੈ। ਉੱਧਰ, ਰਾਹੁਲ ਦੇ ਇਸ ਫੈਸਲੇ ਨਾਲ ਸਿੱਖ ਨਾਰਾਜ਼ ਹੋ ਸਕਦੇ ਹਨ, ਕਿਉਂਕਿ ਕਮਲ ਨਾਥ ਦਾ ਨਾਂਅ 1984 ਸਿੱਖ ਕਤਲੇਆਮ ਵਿੱਚ ਉੱਛਲਦਾ ਰਿਹਾ ਹੈ।


ਇਹ ਵੀ ਪੜ੍ਹੋ: 'ਆਪ' ਤੇ ਅਕਾਲੀਆਂ ਨੇ ਕਮਲਨਾਥ 'ਤੇ ਦਾਗੇ ਗੋਲੇ, ਕਾਂਗਰਸ ਬਣੀ ਢਾਲ

ਕਮਲ ਨਾਥ ਅਤੇ ਜੋਤਿਰਾਦਿੱਤਿਆ ਸਿੰਧੀਆ ਮੁੱਖ ਮੰਤਰੀ ਦੀ ਦੌੜ 'ਚ ਚੋਟੀ ਦੇ ਖਿਡਾਰੀ ਸਨ ਪਰ ਰਾਹੁਲ ਗਾਂਧੀ ਨਾ ਪੂਰਾ ਦਿਨ ਬੈਠਕਾਂ ਦੇ ਦੌਰ ਤੋਂ ਬਾਅਦ ਕਮਲ ਨਾਥ ਨੂੰ ਸੂਬੇ ਦੀ ਕਮਾਨ ਸੌਂਪਣ ਦਾ ਫੈਸਲਾ ਕਰ ਲਿਆ। ਉੱਧਰ, ਕਾਂਗਰਸ ਦੇ ਵੱਡੇ ਲੀਡਰ ਦਿੱਗਵਿਜੇ ਸਿੰਘ ਨੇ ਵੀ ਕਮਲ ਨਾਥ ਨੂੰ ਸਮਰਥਨ ਦਿੱਤਾ ਸੀ। ਤਿੰਨ ਸੂਬਿਆਂ ਵਿੱਚ ਸਖ਼ਤ ਜਿੱਤ ਤੋਂ ਬਾਅਦ ਵਡੇਰੀ ਉਮਰ ਦੇ ਸਿਆਸਤਦਾਨ ਨਾਲ ਵੱਡੀ ਗਿਣਤੀ ਵਿੱਚ ਵਰਕਰ ਤੇ ਸਥਾਨਕ ਨੇਤਾ ਜੁੜੇ ਹੋਣ ਕਰਕੇ ਰਾਹੁਲ ਨੇ 10 ਵਾਰ ਸੰਸਦ ਮੈਂਬਰ ਰਹੇ ਕਮਲ ਨਾਥ ਦੀ ਚੋਣ ਕੀਤੀ ਹੈ।


ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਅਤੇ ਛੱਤੀਸਗੜ੍ਹ ਵਿੱਚ ਭੁਪੇਸ਼ ਬਘੇਲ ਦੇ ਨਾਂਅ 'ਤੇ ਮੁਹਰ ਲੱਗ ਸਕਦੀ ਹੈ, ਪਰ ਰਸਮੀ ਐਲਾਨ ਬਾਕੀ ਹੈ। ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ 'ਚ ਜ਼ਬਰਦਸਤ ਟੱਕਰ ਸੀ ਅਤੇ ਬਘੇਲ ਦੇ ਮੁਕਾਬਲੇ ਵਿੱਚ ਟੀ.ਐਸ. ਸਿੰਘਦੇਵ ਸਨ। ਪਾਰਟੀ ਪ੍ਰੈਸ ਕਾਨਫ਼ਰੰਸ ਕਰ ਇਨ੍ਹਾਂ ਮੁੱਖ ਮੰਤਰੀਆਂ ਦਾ ਐਲਾਨ ਕਰ ਸਕਦੀ ਹੈ।