ਨਵੀਂ ਦਿੱਲੀ: ਰਾਹੁਲ ਗਾਂਧੀ ਦੀ ਥਾਂ ਕਾਂਗਰਸ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ? ਇਸ ਸਵਾਲ ‘ਤੇ ਇਸ ਹਫਤੇ ਪਰਦਾ ਉੱਠ ਸਕਦਾ ਹੈ। 'ਏਬੀਪੀ ਨਿਊਜ਼' ਨੂੰ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਜਲਦੀ ਹੀ ਸੀਡਬਲਿਊਸੀ ਦੀ ਬੈਠਕ ਬੁਲਾ ਸਕਦੀ ਹੈ। ਇਸ ‘ਚ ਨਵੇਂ ਪ੍ਰਧਾਨ ਦੇ ਨਾਂ ‘ਤੇ ਮੋਹਰ ਲੱਗ ਸਕਦੀ ਹੈ। ਸੁਸ਼ੀਲ ਕੁਮਾਰ ਸ਼ਿੰਦੇ ਤੇ ਮੱਲਿਕਾਰਜੁਨ ਖੜਗੇ ਕਾਂਗਰਸ ਦੇ ਅਗਲੇ ਪ੍ਰਧਾਨ ਬਣਨ ਦੀ ਰੇਸ ‘ਚ ਸਭ ਤੋਂ ਅੱਗੇ ਹਨ।


ਮਿਲੀ ਜਾਣਕਾਰੀ ਮੁਤਾਬਕ ਪਿਛਲੇ ਕੁਝ ਦਿਨਾਂ ‘ਚ ਕੁਝ ਨੇਤਾਵਾਂ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇਸ ‘ਚ ਉਨ੍ਹਾਂ ਨੇਤਾਵਾਂ ਨੇ ਰਾਹੁਲ ਨੂੰ ਮਨਾਉਣ ਦੀ ਅਪੀਲ ਕੀਤੀ ਸੀ। ਸੋਨੀਆ ਨੇ ਕੋਈ ਵੀ ਦਖਲ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਰਾਹੁਲ ਦਾ ਫੈਸਲਾ ਹੈ, ਪਾਰਟੀ ਜਲਦੀ ਹੀ ਨਵੇਂ ਪ੍ਰਧਾਨ ਦਾ ਐਲਾਨ ਕਰੇਗੀ।

ਪਾਰਟੀ ਪ੍ਰਧਾਨ ਲਈ ਜਿਨ੍ਹਾਂ ਚਾਰ-ਪੰਜ ਨਾਵਾਂ ‘ਤੇ ਚਰਚਾ ਹੋ ਰਹੀ ਹੈ, ਉਨ੍ਹਾਂ ‘ਚ ਦਲਿਤ ਭਾਈਚਾਰੇ ਤੋਂ ਆਉਣ ਵਾਲੇ ਦੋ ਸੀਨੀਅਰ ਨੇਤਾ ਰੇਸ ‘ਚ ਸਭ ਤੋਂ ਅੱਗੇ ਹਨ। ਇਨ੍ਹਾਂ ‘ਚ ਪਹਿਲਾ ਨਾਂ ਸਾਬਕਾ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਤੇ ਦੂਜਾ ਪਿਛਲੀ ਲੋਕ ਸਭਾ ‘ਚ ਕਾਂਗਰਸ ਨੇਤਾ ਮੱਲਿਕਾਰਜੁਨ ਖੜਗੇ ਹਨ।

ਲੋਕ ਸਭਾ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਹੀ ਰਾਹੁਲ ਨੇ ਅਸਤੀਫਾ ਦੇ ਦਿੱਤਾ ਸੀ। ਉਹ ਆਪਣੇ ਫੈਸਲੇ ‘ਤੇ ਕਾਇਮ ਹਨ। ਸੋਮਵਾਰ ਨੂੰ ਸਾਰੇ ਕਾਂਗਰਸ ਮੁੱਖ ਮੰਤਰੀਆਂ ਨੇ ਰਾਹਲ ਨੂੰ ਅਹੁਦੇ ‘ਤੇ ਬਣੇ ਰਹਿਣ ਦੀ ਅਪੀਲ ਵੀ ਕੀਤੀ ਸੀ ਪਰ ਰਾਹੁਲ ਨੇ ਆਪਣਾ ਫੈਸਲਾ ਨਹੀਂ ਬਦਲਿਆ।