ਮੰਡੀ: ਜੀ.ਐਸ.ਟੀ. ਵਿੱਚ ਕਾਰੋਬਾਰੀਆਂ ਨੂੰ ਦਿੱਤੀ ਗਈ ਰਾਹਤ ਬਾਰੇ ਗੁਜਰਾਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਕੁਝ ਸਮਾਂ ਬਾਅਦ ਹੀ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ 'ਤੇ ਫਿਰ ਨਿਸ਼ਾਨਾ ਲਾਇਆ ਹੈ।


ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਸ਼ਨੀਵਾਰ ਨੂੰ ਇਕ ਰੈਲੀ 'ਚ ਰਾਹੁਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਲਦਬਾਜ਼ੀ 'ਚ ਜੀ.ਐਸ.ਟੀ. ਲਾਗੂ ਕਰਨ ਕਾਰਨ ਲੋਕਾਂ ਨੂੰ ਆਪਣੀਆਂ ਨੌਕਰੀਆਂ ਤਕ ਗੁਆਉਣੀਆਂ ਪਈਆਂ। ਰਾਹੁਲ ਨੇ ਮਜ਼ਾਕੀਆ ਲਹਿਜ਼ੇ 'ਚ ਪੀ.ਐਮ. ਮੋਦੀ ਅਤੇ ਇੱਕ ਰਿਪੋਰਟਰ ਦਰਮਿਆਨ ਹੋਈ ਕਥਿਤ ਗੱਲਬਾਤ ਦੇ ਕਿੱਸੇ ਜ਼ਰਿਏ ਉਨ੍ਹਾਂ 'ਤੇ ਸ਼ਬਦੀ ਹਮਲਾ ਕੀਤਾ।

ਰਾਹੁਲ ਨੇ ਕਿਹਾ- ਗੁਜਰਾਤ 'ਚ ਜੀ.ਐਸ.ਟੀ. ਕਾਰਨ 30 ਲੱਖ ਨੌਜਵਾਨਾਂ ਨੂੰ ਨੌਕਰੀ ਗੁਆਉਣੀ ਪਈ। ਰਾਹੁਲ ਨੇ ਇਲਜ਼ਾਮ ਲਾਇਆ ਕਿ ਐਨ.ਡੀ.ਏ. ਸਰਕਾਰ ਦੀਆਂ ਆਰਥਕ ਨੀਤੀਆਂ ਕਾਰਨ ਬੇਰੁਜ਼ਗਾਰੀ ਵਧੀ ਹੈ। ਰਾਹੁਲ ਮੁਤਾਬਕ ਸਿਰਫ ਗੁਜਰਾਤ 'ਚ 50 ਲੱਖ ਬੇਰੋਜ਼ਗਾਰ ਨੌਜਵਾਨ ਹਨ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨੇ ਜੀ.ਐਸ.ਟੀ. ਦੀ ਵੱਧ ਤੋਂ ਵੱਧ ਦਰ 18 ਫ਼ੀ ਸਦੀ ਰੱਖਣ ਦੀ ਗੱਲ ਕਹੀ ਸੀ ਪਰ ਮੋਦੀ ਸਰਕਾਰ ਨੇ ਇਸ ਨੂੰ 28 ਫ਼ੀ ਸਦੀ ਕਰ ਦਿੱਤਾ। ਰਾਹੁਲ ਮੁਤਾਬਕ ਛੋਟਾ ਅਤੇ ਮੱਧ ਵਰਗੀ ਕਾਰੋਬਾਰੀ ਇੰਨਾ ਟੈਕਸ ਦਾ ਬੋਝ ਨਹੀਂ ਚੁੱਕ ਸਕਦਾ।

ਰਾਹੁਲ ਨੇ ਬੇਹਦ ਦਿਲਚਸਪ ਢੰਗ ਨਾਲ ਮੋਦੀ 'ਤੇ ਕਈ ਵਾਰ ਕੀਤੇ। ਉਨ੍ਹਾਂ ਇੱਕ ਕਾਲਪਨਿਕ ਕਿੱਸੇ ਦਾ ਜ਼ਿਕਰ ਕੀਤਾ ਜਿਸ ਮੁਤਬਾਕ ਇੱਕ ਰਿਪੋਰਟਰ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਉਨ੍ਹਾਂ ਦੀ ਪਹਾੜਾਂ ਦੀ ਯਾਤਰਾ ਬਾਰੇ ਸਵਾਲ ਕੀਤਾ। ਰਾਹੁਲ ਨੇ ਦੱਸਿਆ ਕਿ ਰਿਪੋਰਟਰ ਦੇ ਸੁਆਲ 'ਤੇ ਮੋਦੀ ਨੇ ਕਿਹਾ ਸੀ ਕਿ ਮੈਨੂੰ ਪਹਾੜ ਘੁੰਮਣੇ ਚੰਗੇ ਲਗਦੇ ਹਨ। ਰਿਪੋਰਟਰ ਨੇ ਪੁੱਛਿਆ ਕਿ ਤੁਸੀਂ ਕਿੰਨੇ ਉੱਚੇ ਪਹਾੜ ਤੱਕ ਗਏ ਹੋ? ਪ੍ਰਧਾਨ ਮੰਤਰੀ ਨੇ ਕਿਹਾ ਮੈਂ 25,000 ਫੁੱਟ ਉੱਚੇ ਪਹਾੜ ਘੁੰਮ ਚੁੱਕਿਆ ਹਾਂ।

ਰਾਹੁਲ ਦੇ ਇਸ ਕਿੱਸੇ ਤੋਂ ਬਾਅਦ ਸਾਰੇ ਲੋਕ ਹੱਸਣ ਲੱਗ ਪਏ। ਰਾਹੁਲ ਨੇ ਕਿਹਾ ਕਿ ਭਾਰਤ 'ਚ ਸਿਰਫ ਕੰਚਨਜੰਗਾ ਹੈ, ਜਿਸ ਦੀ ਉਚਾਈ 25,000 ਫੁੱਟ ਦੇ ਕਰੀਬ ਹੈ। ਪ੍ਰਧਾਨ ਮੰਤਰੀ ਦੇ ਦਾਅਵੇ 'ਤੇ ਸਵਾਲ ਚੁੱਕਦੇ ਹੋਏ ਰਾਹੁਲ ਨੇ ਕਿਹਾ ਸਾਡੇ ਮੋਦੀ ਸਿਰਫ ਚੱਪਲ ਪਾ ਕੇ ਹੀ ਕੰਚਨਜੰਗਾ ਘੁੰਮ ਆਏ ਹਨ। ਸੱਚਾਈ ਤਾਂ ਇਹ ਹੈ ਕਿ ਪੀ.ਐਮ. ਚੱਪਲ ਪਾ ਕੇ ਤਾਂ ਨਹੀਂ ਬੂਟ ਪਾ ਕੇ ਹਿਮਾਚਲ ਦੇ ਕਈ ਇਲਾਕੇ ਘੁੰਮ ਗਏ ਹਨ।