ਰਾਹੁਲ ਗਾਂਧੀ ਨੇ ਫੇਸਬੁੱਕ 'ਤੇ ਲਿਖਿਆ ਹੈ ਕਿ ਹੁਣ ਪ੍ਰਧਾਨ ਮੰਤਰੀ ਸਰਦਾਰ ਪਟੇਲ 'ਤੇ ਸਵਾਲ ਚੁੱਕ ਰਹੇ ਹਨ ਕਿ ਉਸ ਸਮੇਂ ਦੇ ਨੇਤਾਵਾਂ ਦੀ ਸੋਝੀ ਵਿੱਚ ਘਾਟ ਕਾਰਨ ਕਰਤਾਰਪੁਰ ਪਾਕਿਸਤਾਨ ਚਲਿਆ ਗਿਆ। ਉਨ੍ਹਾਂ ਕਿਹਾ ਕਿ ਜੋ ਮੋਦੀ ਦੇ ਮਨ ਵਿੱਚ ਸੀ, ਆਖ਼ਰ ਉਹ ਜ਼ੁਬਾਨ 'ਤੇ ਵੀ ਆ ਹੀ ਗਿਆ ਕਿ ਉਹ ਖ਼ੁਦ ਨੂੰ ਵੱਡਾ ਦਰਸਾਉਣ ਲਈ ਪਟੇਲ-ਗਾਂਧੀ ਨੂੰ ਵੀ ਨੀਵਾਂ ਦਿਖਾ ਸਕਦੇ ਹਨ।
ਦਰਅਸਲ, ਬੀਤੇ ਕੱਲ੍ਹ ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਰਤਾਰਪੁਰ ਗਲਿਆਰੇ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਉਸ ਸਮੇਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ 'ਤੇ ਸਵਾਲ ਚੁੱਕੇ ਸਨ। ਮੋਦੀ ਨੇ ਕਿਹਾ ਸੀ ਕਿ ਕਾਂਗਰਸ ਨੇ ਵੱਡੀਆਂ-ਵੱਡੀਆਂ ਜੰਗਾਂ ਲੜੀਆਂ ਤੇ ਜਿੱਤੀਆਂ ਵੀ, ਵੱਡੇ-ਵੱਡੇ ਵਾਅਦੇ ਕੀਤੇ ਪਰ ਇਨ੍ਹਾਂ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਮਹਾਨ ਸਥਾਨ ਨੂੰ ਪਾਕਿਸਤਾਨ ਜਾਣ ਦਿੱਤਾ।
ਇਹ ਵੀ ਪੜ੍ਹੋ: ਕਰਤਾਰਪੁਰ ਲਾਂਘੇ 'ਤੇ ਮੋਦੀ ਦੀ ਕਾਂਗਰਸ ਨੂੰ ਵੰਗਾਰ
ਪੀਐਮ ਨੇ ਦੋਸ਼ ਲਾਇਆ ਸੀ ਕਿ ਉਦੋਂ ਨੇਤਾਵਾਂ ਵਿੱਚ ਸੱਤਾ ਸਾਂਭਣ ਦੀ ਇੰਨੀ ਕਾਹਲ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਇਸ ਸਥਾਨ ਨੂੰ ਲੋਕਾਂ ਦੇ ਮੱਥੇ ਟੇਕਣ ਦਾ ਪ੍ਰਬੰਧ ਨਹੀਂ ਕਰਵਾ ਸਕੇ, ਪਰ ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਕਰਤਾਰਪੁਰ ਗਲਿਆਰਾ ਬਣਾਉਣ ਦਾ ਕੰਮ ਮੇਰੇ ਜ਼ਿੰਮੇ ਆਇਆ। ਹੁਣ ਮੋਦੀ ਵੱਲੋਂ ਕਾਂਗਰਸੀ ਲੀਡਰ ਸਰਦਾਰ ਵੱਲਭ ਭਾਈ ਪਟੇਲ ਨੂੰ ਦਿੱਤੀ ਜਾਣ ਵਾਲੀ ਐਕਸਟਰਾ ਤਵੱਜੋ ਨੂੰ ਰਾਹੁਲ ਨੇ ਪਖੰਡ ਕਰਾਰ ਦਿੱਤਾ ਤੇ ਬੀਜੇਪੀ 'ਤੇ ਕਰਾਰਾ ਵਾਰ ਕੀਤਾ ਹੈ।