ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਅੱਜ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕਈ ਵੱਡੀਆਂ ਗੱਲਾਂ ਕਹੀਆਂ। ਉਨ੍ਹਾਂ ਨੇ ਨਵੇਂ ਕਾਨੂੰਨਾਂ ਨੂੰ ਖੇਤੀ ਲਈ ਬਰਬਾਦੀ ਦੱਸਿਆ ਤੇ ਤਿੰਨਾਂ ਕਾਨੂੰਨਾਂ ਦਾ ਵਿਰੋਧ ਵੀ ਕੀਤਾ। ਰਾਹੁਲ ਗਾਂਧੀ ਨੇ 'ਖੇਤੀ ਦਾ ਖੂਨ' ਨਾਮਕ ਪੁਸਤਿਕਾ ਵੀ ਜਾਰੀ ਕੀਤੀ ਜਿਸ ਵਿੱਚ ਖੇਤੀ ਕਾਨੂੰਨ ਕਿਸ ਹੱਦ ਤਕ ਕਿਸਾਨੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਇਸ ਬਾਰੇ ਕਾਂਗਰਸ ਨੇ ਵਿਸਥਾਰ ਨਾਲ ਦੱਸਿਆ ਹੈ।


ਖੇਤੀ ਕਾਨੂੰਨਾਂ ਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ, "ਤਿੰਨੇ ਖੇਤੀ ਕਾਨੂੰਨ ਦੇਸ਼ ਦੇ ਕਿਸਾਨੀ ਨੂੰ ਬਰਬਾਦ ਕਰ ਦੇਣਗੇ। ਕਿਸਾਨ ਇਸ ਸੱਚਾਈ ਨੂੰ ਜਾਣਦੇ ਹਨ। ਮੈਂ ਹਮੇਸ਼ਾਂ ਕਿਸਾਨਾਂ ਦੇ ਨਾਲ ਖੜ੍ਹਾ ਹਾਂ। ਮੈਂ ਅੰਦੋਲਨਕਾਰੀ ਕਿਸਾਨਾਂ ਦੇ ਨਾਲ ਹਾਂ। ਮੈਂ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਤੋਂ ਨਹੀਂ ਡਰਦਾ।"

ਰਾਹੁਲ ਗਾਂਧੀ ਨੇ ਕਿਹਾ, "ਸਿਰਫ ਤਿੰਨ ਤੋਂ ਚਾਰ ਲੋਕ ਹੀ ਇਸ ਦੇਸ਼ ਨੂੰ ਚਲਾ ਰਹੇ ਹਨ ਤੇ ਦੇਸ਼ ਉਨ੍ਹਾਂ ਦੇ ਹਵਾਲੇ ਕਰਨ ਦੀ ਤਿਆਰ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣਾ ਪਏਗਾ। ਮੈਂ ਭਾਜਪਾ ਦੇ ਸਵਾਲਾਂ ਦੇ ਜਵਾਬ ਨਹੀਂ ਦੇਵਾਂਗਾ। ਮੈਂ ਕਿਸਾਨਾਂ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ। ਕੋਈ ਵੀ ਕਿਸਾਨਾਂ ਨੂੰ ਮੂਰਖ ਨਹੀਂ ਬਣਾ ਸਕਦਾ। ਅਰੁਣਾਚਲ ਪ੍ਰਦੇਸ਼ ਬਾਰੇ ਸਵਾਲ ਪੁੱਛਣ ਵਾਲਾ ਜੇਪੀ ਨੱਡਾ ਕੌਣ ਹੈ। ਇਹ ਸਵਾਲ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਣਾ ਚਾਹੀਦਾ ਹੈ।"

ਰਾਹੁਲ ਨੇ ਕਿਹਾ "ਇਹ ਕਾਨੂੰਨ ਕਿਸਾਨ ਹੀ ਨਹੀਂ ਮਿਡਲ ਕਲਾਸ ਤੇ ਵੀ ਹਮਲਾ ਹੈ। ਸਰਕਾਰ ਕਿਸਾਨਾ ਨੂੰ ਭੜਕਾ ਰਹੀ ਹੈ। ਕਿਸਾਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਿਵੇਂ ਅੰਗਰੇਜ਼ ਦੇਸ਼ ਨੂੰ ਚਲਾਉਂਦੇ ਸੀ ਉਸੇ ਤਰ੍ਹਾਂ ਹੀ ਇਹ ਲੋਕ ਵੀ ਦੇਸ਼ ਨੂੰ ਚਲਾ ਰਹੇ ਹਨ। ਦੇਸ਼ ਵਿੱਚ ਡਰ ਦਾ ਮਾਹੋਲ ਹੈ ਕਿਸੇ ਨੂੰ ਵੀ ਬੋਲਣ ਨਹੀ ਦਿੱਤਾ ਜਾਂਦਾ।"