ਅਮੇਠੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਫੇਲ ਡੀਲ ਸਬੰਧੀ ਮੋਦੀ ਸਰਕਾਰ ’ਤੇ ਲਗਾਤਾਰ ਵਾਰ ਕਰ ਰਹੇ ਹਨ। ਮੋਦੀ ਸਰਕਾਰ ਨੂੰ ਘੇਰ ਰਾਹੁਲ ਦੇ ਹੌਂਸਲੇ ਵਧ ਗਏ ਹਨ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਇਹ ਤਾਂ ਸ਼ੁਰੂਆਤ ਹੈ, ਹੁਣ ਅਗਲੇ 2-3 ਮਹੀਨਿਆਂ ’ਚ ਵੇਖਿਓ ਕੀ ਹੁੰਦਾ ਹੈ।
ਦਰਅਸਲ ਬੀਤੇ ਦਿਨੀਂ ਸੌਦੇ ਦੀ ਜੇਪੀਸੀ ਜਾਂਚ ਦੀ ਮੰਗ ਉੱਠੀ ਸੀ ਜਿਸ ਲਈ ਸਰਕਾਰ ਨੇ ਇਨਕਾਰ ਕਰ ਦਿੱਤਾ ਸੀ। ਹੁਣ ਸੋਮਵਾਰ ਰਾਹੁਲ ਗਾਂਧੀ ਨੇ ਕਿਹਾ ਕਿ ਅਜੇ ਤਾਂ ਸ਼ੁਰੂਆਤ ਹੈ, ਹੁਣ ਵੇਖਣਾ ਮਜ਼ਾ ਆਏਗਾ। ਆਉਣ ਵਾਲੇ 2-3 ਮਹੀਨਿਆਂ ਵਿੱਚ ਮਜ਼ਾ ਦਿਖਾਵਾਂਗੇ। ਇਸ ਤੋਂ ਪਹਿਲਾਂ ਅਗਸਤ ਵਿੱਚ ਰਾਹੁਲ ਨੇ ਕਿਹਾ ਸੀ ਕਿ ਰਾਫੇਲ ਆਲਮੀ ਭ੍ਰਿਸ਼ਟਾਚਾਰ ਹੈ। ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਰਾਫੇਲ ਤੋਂ ਵੱਡੇ ਬੰਬ ਡਿੱਗਣ ਵਾਲੇ ਹਨ।
ਰਾਹੁਲ ਨੇ ਕਿਹਾ ਕਿ ਇੱਕ-ਇੱਕ ਕਰਕੇ ਦਿਖਾ ਦਵਾਂਗੇ ਕਿ ਨਰੇਂਦਰ ਮੋਦੀ ਚੌਕੀਦਾਰ ਨਹੀਂ, ਚੋਰ ਹੈ। ਮੋਦੀ ਸਰਕਾਰ ਨੇ ਹਰ ਥਾਂ ਬੇਈਮਾਨੀ ਕੀਤੀ ਹੈ। ਮੋਦੀ ਦੇ ਰਾਫੇਲ, ਲਲਿਤ ਮੋਦੀ, ਵਿਜੈ ਮਾਲਿਆ, ਨੋਟਬੰਦੀ, ਗੱਬਰ ਸਿੰਘ ਟੈਕਸ ਤੇ ਹੋਰ ਸਾਰੇ ਕੰਮਾਂ ਵਿੱਚ ਚੋਰੀ ਹੋਈ ਹੈ।
ਰਾਹੁਲ ਗਾਂਧੀ ਨੇ ਕੱਲ੍ਹ ਟਵਿੱਟਰ ’ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਜਿਸ ਵਿੱਚ ਉਨ੍ਹਾਂ ਪੀਐਮ ਮੋਦੀ ਨੂੰ ਚੋਰਾਂ ਦਾ ਸਰਗਨਾ (ਇੰਡੀਆਜ਼ ਕਮਾਂਡਰ ਇਨ ਥੀਫ) ਦੱਸਿਆ ਸੀ। ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਰਾਹੁਲ ਦੇ ਇਲਜ਼ਾਮਾਂ ’ਤੇ ਕਿਹਾ ਕਿ ਕਾਂਗਰਸ ਆਲਮੀ ਪੱਧਰ ’ਤੇ ਮੋਦੀ ਸਰਕਾਰ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾ ਰਹੀ ਹੈ।
ਜ਼ਿਕਰਯੋਗ ਹੈ ਕਿ ਉੱਥੋਂ ਦੇ ਮੀਡੀਆ ਮੁਤਾਬਕ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਓਲਾਂਦ ਨੇ ਕਿਹਾ ਸੀ ਕਿ ਰਾਫ਼ੇਲ ਸੌਦੇ ਲਈ ਭਾਰਤ ਸਰਕਾਰ ਨੇ ਅਨਿਲ ਅੰਬਾਨੀ ਦੀ ਰਿਲਾਇੰਸ ਕੰਪਨੀ ਦਾ ਨਾਂ ਹੀ ਪੇਸ਼ ਕੀਤਾ ਸੀ ਤੇ ਦਸਾਲਟ ਏਵੀਏਸ਼ਨ ਕੰਪਨੀ ਕੋਲ ਕੋਈ ਦੂਜਾ ਵਿਕਲਪ ਨਹੀਂ ਸੀ। ਇਸ ਬਿਆਨ ਦੇ ਸੁਰਖ਼ੀਆਂ ’ਚ ਆਉਣ ਬਾਅਦ ਹੀ ਦੇਸ਼ ਦੀ ਸਿਆਸਤ ਗਰਮਾਈ ਹੋਈ ਹੈ।