ਚੇਨੱਈ: ਬੀਤੀ 9 ਸਤੰਬਰ ਨੂੰ ਤਾਮਿਲਨਾਡੂ ਦੀ ਆਲ ਇੰਡੀਆ ਅੰਨਾ ਦ੍ਰਵਿੜ ਕੜਗਮ (ਅੰਨਾਦ੍ਰਮੁਕ) ਸਰਕਾਰ ਨੇ ਰਾਜੀਵ ਗਾਂਧੀ ਹੱਤਿਆਕਾਂਡ 'ਚ ਉਮਰ ਕੈਦ ਕੱਟ ਰਹੇ ਸਾਰੇ ਸੱਤ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਸਿਫਾਰਸ਼ ਕੀਤੀ ਸੀ। ਹੁਣ ਇਨ੍ਹਾਂ 7 ਦੋਸ਼ੀਆਂ 'ਚੋਂ ਇਕ ਏਜੀ ਪੇਰਾਰੀਵਲਨ ਦੀ ਮਾਂ ਨੇ ਆਪਣੇ ਬੇਟੇ ਦੀ ਰਿਹਾਈ ਦੀ ਮੰਗ ਕੀਤੀ ਹੈ।

ਪੇਰਾਰੀਵਲਨ ਦੀ ਮਾਂ ਨੇ ਇਸ ਸਬੰਧੀ ਤਾਮਿਲਨਾਡੂ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਪੇਰਾਰੀਲਾਲ ਦੀ ਮਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਸੂਬਾ ਕੈਬਨਿਟ ਦੀ ਸਿਫਾਰਸ਼ ਤੋਂ ਬਾਅਦ ਰਾਜਪਾਲ ਨਾਲ ਇਸ ਸਿਲਿਸਲੇ 'ਚ ਮੁਲਾਕਾਤ ਕੀਤੀ ਹੈ।

ਉਸਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਰਾਜਭਵਨ 'ਚ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਇਕ ਅਰਜ਼ੀ ਦੇ ਨਾਲ ਕੁਝ ਚੀਜ਼ਾਂ ਸੌਂਪੀਆਂ। ਉਸਨੇ ਭਰੋਸਾ ਜਤਾਇਆ ਕਿ ਰਾਜਪਾਲ ਉਸਦੀ ਮੰਗ ਸਵੀਕਾਰ ਕਰ ਲੈਣਗੇ।

ਪੇਰਾਰੀਵਲਨ ਦੀ ਮਾਂ ਨੇ ਦੱਸਿਆ ਕਿ ਰਾਜਪਾਲ ਨੂੰ ਸੌਂਪੇ ਗਏ ਦਸਤਾਵੇਜ਼ਾਂ 'ਚ ਖ਼ਬਰਾਂ 'ਚ ਪ੍ਰਕਾਸ਼ਤ ਜਸਟਿਸ ਕੇਟੀ ਥੌਮਸ ਦੀ ਕਥਿਤ ਟਿੱਪਣੀ ਵੀ ਸ਼ਾਮਲ ਹੈ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਮਾਮਲੇ 'ਚ ਸੀਬੀਆਈ ਦੀ ਜਾਂਚ ਵਿਚ ਕੁਝ ਗੰਭੀਰ ਖਾਮੀ ਰਹੀ ਹੈ। ਇਸ ਤੋਂ ਇਲਾਵਾ ਇਸ 'ਚ ਉਨ੍ਹਾਂ ਆਪਣੇ ਬੇਟੇ ਦੇ ਪੈਰੋਲ 'ਤੇ ਰਿਹਾਈ ਦੌਰਾਨ ਉਸਦੇ ਚਰਿੱਤਰ ਦਾ ਬਿਓਰਾ ਵੀ ਦਿੱਤਾ ਹੈ।