Rahul gandhi: ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਕੱਲ੍ਹ ਆਪਣੇ ਅੰਦਾਜ਼ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹਿੰਦੇ ਹਨ। ਉਹ ਕਦੇ ਖੇਤਾਂ ਵਿੱਚ ਜਾ ਕੇ ਕਿਸਾਨਾਂ ਨੂੰ ਮਿਲਦੇ ਹਨ ਤੇ ਕਦੇ ਫੈਕਟਰੀ ਵਿੱਚ ਜਾ ਕੇ ਮਜ਼ਦੂਰਾਂ ਨਾਲ ਗੱਲਬਾਤ ਕਰਦੇ ਹਨ। ਉਹ ਡਰਾਈਵਰਾਂ ਦੀਆਂ ਮੁਸ਼ਕਲਾਂ ਸਮਝਣ ਲਈ ਟਰੱਕ ਵਿੱਚ ਸਫਰ ਕਰਦੇ ਹਨ। ਹੁਣ ਰਾਹੁਲ ਗਾਂਧੀ ਨੇ ਆਨੰਦ ਵਿਹਾਰ ਰੇਲਵੇ ਸਟੇਸ਼ਨ ’ਤੇ ਪਹੁੰਚ ਕੇ ਕੁਲੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। 


 


 






ਰਾਹੁਲ ਇੱਥੇ ਕੁਲੀਆਂ ਦੀ ਲਾਲ ਕਮੀਜ਼ ਪਹਿਨ ਕੇ ਸਿਰ ’ਤੇ ਸਾਮਾਨ ਚੁੱਕਦੇ ਹੋਏ ਵੀ ਦਿਖਾਈ ਦਿੱਤੇ। ਇਸ ਮਗਰੋਂ ਉਹ ਕੁਲੀਆਂ ਨਾਲ ਬੈਠ ਗਏ ਤੇ ਉਨ੍ਹਾਂ ਤੋਂ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਕਾਂਗਰਸ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਰਾਹੁਲ ਦੀ ਕੁਲੀਆਂ ਨਾਲ ਗੱਲਬਾਤ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਲੋਕ ਨਾਇਕ ਰਾਹੁਲ ਗਾਂਧੀ ਜੀ ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ ’ਤੇ ਆਪਣੇ ਕੁਲੀ ਮਿੱਤਰਾਂ ਨੂੰ ਮਿਲੇ। ਹਾਲ ਹੀ ਵਿੱਚ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ’ਚ ਰੇਲਵੇ ਸਟੇਸ਼ਨ ਦੇ ਕੁਲੀ ਮਿੱਤਰਾਂ ਨੇ ਉਨ੍ਹਾਂ ਨਾਲ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ।’ 



ਪਾਰਟੀ ਨੇ ਲਿਖਿਆ, ‘ਰਾਹੁਲ ਜੀ ਉਨ੍ਹਾਂ ਵਿਚਾਲੇ ਪਹੁੰਚੇ ਤੇ ਉਨ੍ਹਾਂ ਦੀ ਗੱਲ ਸੁਣੀ। ਭਾਰਤ ਜੋੜੋ ਯਾਤਰਾ ਜਾਰੀ ਹੈ।’ ਰਾਹੁਲ ਨੇ ਇੰਸਟਾਗ੍ਰਾਮ ’ਤੇ ਇੱਕ ਪੋਸਟ ’ਚ ਲਿਖਿਆ, ‘ਦਿੱਲੀ ’ਚ ਆਨੰਦ ਵਿਹਾਰ ਟਰਮੀਨਲ ’ਤੇ ਕੰਮ ਕਰ ਰਹੇ ਕੁਲੀ ਭਰਾਵਾਂ ਨਾਲ ਮੁਲਾਕਾਤ ਕੀਤੀ।’ ਉਨ੍ਹਾਂ ਲਿਖਿਆ, ‘ਬੜੇ ਦਿਨਾਂ ਤੋਂ ਮੇਰੀ ਇੱਛਾ ਸੀ ਤੇ ਉਨ੍ਹਾਂ ਮੈਨੂੰ ਬਹੁਤ ਪਿਆਰ ਨਾਲ ਬੁਲਾਇਆ ਵੀ ਸੀ ਤੇ ਭਾਰਤ ਦੇ ਮਿਹਨਤੀ ਭਰਾਵਾਂ ਦੀ ਇੱਛਾ ਹਰ ਹਾਲ ਵਿੱਚ ਪੂਰੀ ਹੋਣੀ ਚਾਹੀਦੀ ਹੈ।’ 


ਰਾਹੁਲ ਮਿਸਤਰੀਆਂ ਤੋਂ ਲੈ ਕੇ ਵਿਦਿਆਰਥੀਆਂ ਤੱਕ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਗੱਲਬਾਤ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੀ ਉਨ੍ਹਾਂ ਦੀ ਭਾਰਤ ਜੋੜੋ ਯਾਤਰਾ ਇਸ ਤਰ੍ਹਾਂ ਦੀਆਂ ਗੱਲਾਂਬਾਤਾਂ ਰਾਹੀਂ ਜਾਰੀ ਰਹੇਗੀ। ਉਨ੍ਹਾਂ ਹਾਲ ਹੀ ਵਿੱਚ ਲੱਦਾਖ ਪਹੁੰਚ ਕੇ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਸੀ।