ਲੋਕ ਸਭਾ ਚੋਣਾਂ ਦੇ 10 ਵਿੱਚੋਂ ਨੌਂ ਐਗ਼ਜ਼ਿਟ ਪੋਲ ਵਿੱਚ ਐਨਡੀਏ ਨੂੰ ਬਹੁਮਤ ਦੇ ਅੰਦਾਜ਼ੇ ਮਗਰੋਂ ਵਿਰੋਧੀ ਦਲ ਲਗਾਤਾਰ ਈਵੀਐਮ 'ਤੇ ਸਵਾਲ ਚੁੱਕ ਰਹੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਬਸਪਾ ਸਮੇਤ 22 ਵਿਰੋਧੀ ਦਲਾਂ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਸੀ। ਵਿਰੋਧੀ ਧਿਰਾਂ ਨੇ ਮੰਗ ਕੀਤੀ ਸੀ ਕਿ ਵੀਵੀਪੈਟ ਦੀਆਂ ਪਰਚੀਆਂ ਦਾ ਮਿਲਾਣ ਵੋਟਾਂ ਦੀ ਗਿਣਤੀ ਸ਼ੁਰੂ ਕਰਨ ਤੋਂ ਪਹਿਲਾਂ ਕੀਤਾ ਜਾਵੇ, ਨਾ ਕਿ ਬਾਅਦ ਵਿੱਚ।
ਕਾਂਗਰਸ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਜੇਕਰ ਵਿਧਾਨ ਸਭਾ ਖੇਤਰ ਦੇ ਚੋਣਵੇਂ ਪੰਜ ਪੋਲਿੰਗ ਸਟੇਸ਼ਨਾਂ ਦੀਆਂ ਵੀਵੀਪੈਟ ਮਸ਼ੀਨਾਂ ਤੇ ਈਵੀਐਮ ਦਰਮਿਆਨ ਵੋਟਾਂ ਦੀ ਗਿਣਤੀ ਦਾ ਫਰਕ ਆਉਂਦਾ ਹੈ ਤਾਂ ਸਾਰੇ ਪੋਲਿੰਗ ਸਟੇਸ਼ਨਾਂ 'ਤੇ 100% ਵੀਵੀਪੈਟ ਪਰਚੀਆਂ ਮੇਲੀਆਂ ਜਾਣ।
ਉੱਧਰ, ਚੋਣ ਕਮਿਸ਼ਨ ਨੇ ਵਿਰੋਧੀ ਧਿਰ ਦੀ ਇਹ ਮੰਗ ਖਾਰਜ ਕਰ ਦਿੱਤੀ। ਕਮਿਸ਼ਨ ਨੇ ਕਿਹਾ ਕਿ ਈਵੀਐਮ ਸੁਰੱਖਿਆ ਹਨ ਅਤੇ ਗਿਣਤੀ ਪੂਰੀ ਹੋਣ ਤਕ ਸੀਸੀਟੀਵੀ ਨਿਗਰਾਨੀ ਰਹੇਗੀ। ਕਮਿਸ਼ਨ ਨੇ ਵਿਰੋਧੀ ਧਿਰਾਂ ਦੇ ਇਸ ਤਰਕ ਨੂੰ ਵੀ ਖਾਰਜ ਕਰ ਦਿੱਤਾ ਕਿ ਅਸਲੀ ਮਸ਼ੀਨਾਂ ਨੂੰ ਬਦਲਿਆ ਜਾ ਰਿਹਾ ਹੈ।