ਅੱਜ ਐਡੀਸ਼ਨਲ ਚੀਫ ਸੈਕਟਰੀ (ਗ੍ਰਹਿ) ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ ਹਾਥਰਸ ਮਾਮਲੇ ਵਿੱਚ ਸਮੂਹਿਕ ਬਲਾਤਕਾਰ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਪਹੁੰਚੇ। ਇਹ ਦੋਵੇਂ ਅਧਿਕਾਰੀ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨਗੇ ਅਤੇ ਉਥੋਂ ਵਾਪਸ ਆਉਣ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਆਪਣੀ ਰਿਪੋਰਟ ਸੌਂਪਣਗੇ।
ਇਸ ਦੇ ਨਾਲ ਹੀ ਪੀੜਤ ਪਰਿਵਾਰ ਨੇ ਹਾਥਰਸ ਦੇ ਡੀਐਮ ਪ੍ਰਵੀਨ ਕੁਮਾਰ 'ਤੇ ਵੀ ਕਈ ਦੋਸ਼ ਲਗਾਏ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡੀਐਮ ਪ੍ਰਵੀਨ ਕੁਮਾਰ ਨੇ ਪੂਰੇ ਪਰਿਵਾਰ ਦੀਆਂ ਔਰਤਾਂ ਨੂੰ ਧਮਕੀ ਦਿੱਤੀ ਸੀ। ਪੀੜਤ ਲੜਕੀ ਦੇ ਭਰਾ ਅਨੁਸਾਰ ਡੀਐਮ ਪ੍ਰਵੀਨ ਕੁਮਾਰ ਨੇ ਘਰ ਦੀਆਂ ਔਰਤਾਂ ਨਾਲ ਅਸ਼ਲੀਲ ਢੰਗ ਨਾਲ ਗੱਲ ਬਾਤ ਕੀਤੀ ਸੀ।
ਦੱਸ ਦੇਈਏ ਕਿ ਹੁਣ ਤੱਕ ਇਸ ਕੇਸ ਵਿੱਚ ਕੁੱਲ੍ਹ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਯੂਪੀ ਸਰਕਾਰ ਨੇ ਸਖ਼ਤੀ ਦਿਖਾਉਂਦੇ ਹੋਏ ਜ਼ਿਲ੍ਹੇ ਦੇ ਐਸਪੀ ਸਣੇ ਪੰਜ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਐਸਪੀ ਵਿਕਰਾਂਤ ਵੀਰ ਸਿੰਘ, ਅਧਿਕਾਰ ਖੇਤਰ (ਸੀਓ) ਰਾਮ ਸ਼ਬਦ, ਇੰਸਪੈਕਟਰ ਦਿਨੇਸ਼ ਕੁਮਾਰ ਵਰਮਾ, ਸਬ ਇੰਸਪੈਕਟਰ ਜਗਵੀਰ ਸਿੰਘ ਅਤੇ ਹੈਡ ਮੋਹਰਰੀ ਮਹੇਸ਼ ਪਾਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਸ਼ਾਮਲੀ ਦੇ ਐਸਪੀ ਵਿਨੀਤ ਜੈਸਵਾਲ ਨੂੰ ਹਾਥਰਾਸ ਦਾ ਐਸਪੀ ਤਾਇਨਾਤ ਕੀਤਾ ਗਿਆ ਹੈ।