ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਮ ਬਜਟ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਹੈ ਕਿ ਸ਼ੇਅਰ ਬਾਜ਼ਾਰ ਨੇ ਉਸ ਦੇ ਖਿਲਾਫ ਅਵਿਸ਼ਵਾਸ ਮਤ (ਬੇਭਰੋਸਗੀ ਮਤਾ) ਪਾਸ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸੈਂਸੇਕਸ 'ਚ 800 ਤੋਂ ਜ਼ਿਆਦਾ ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ। ਉਨ੍ਹਾਂ ਟਵੀਟ ਕਰ ਕੇ ਮੋਦੀ ਸਰਕਾਰ ਨੂੰ ਲੋਕ ਸਭਾ ਚੋਣਾਂ ਦਾ ਅਲਟੀਮੇਟਮ ਦਿੱਤਾ ਹੈ।


ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ- ਸੰਸਦੀ ਭਾਸ਼ਾ 'ਚ ਸੈਂਸਕਸ ਨੇ ਮੋਦੀ ਦੇ ਬਜਟ ਦੇ ਖਿਲਾਫ 800 ਪੁਆਇੰਟਾਂ ਦਾ ਜ਼ਬਰਦਸਤ ਮਤਾ ਪੇਸ਼ ਕੀਤਾ ਹੈ। ਉਨ੍ਹਾਂ ਨਾਲ ਇਹ ਵੀ ਲਿਖਿਆ- ਬਸ, ਇੱਕ ਸਾਲ ਹੋਰ।

ਰਾਹੁਲ ਗਾਂਧੀ ਨੇ ਕਲ ਸੰਸਦ 'ਚ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਇਲਜ਼ਾਮ ਲਾਇਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੀ ਐਨ.ਡੀ.ਏ. ਸਰਕਾਰ ਵੱਲੋਂ ਪਿਛਲੇ ਚਾਰ ਸਾਲ 'ਚ ਕੋਈ ਨੌਕਰੀ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਯੂਥ ਅਤੇ ਕਿਸਾਨਾਂ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ ਗਏ।

ਰਾਹੁਲ ਨੇ ਟਵੀਟ 'ਚ ਲਿਖਿਆ- ਚਾਰ ਸਾਲ ਗੁਜ਼ਰ ਗਏ ਪਰ ਫਿਰ ਵੀ ਕਿਸਾਨਾਂ ਨੂੰ ਫ਼ਸਲ ਦੇ ਚੰਗੇ ਮੁੱਲ ਦਾ ਵਾਅਦਾ ਕੀਤਾ ਜਾ ਰਿਹਾ ਹੈ। ਚਾਰ ਸਾਲ ਬਾਅਦ ਵੀ ਨੌਜਵਾਨਾਂ ਨੂੰ ਕੰਮ ਨਹੀਂ ਮਿਲਿਆ। ਇਹ ਕਾਲਪਨਿਕ ਬਜਟ ਹੈ।

ਬੰਬਈ ਸਟਾਕ ਐਕਸਚੇਂਜ ਦੇ 30 ਸ਼ੇਅਰਾਂ ਵਾਲੇ ਸੈਂਸੇਕਸ 'ਚ ਅੱਜ 840 ਪੁਆਇੰਟਾਂ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਜੋ ਕਿ 24 ਅਗਸਤ 2015 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ। ਨਿਫਟੀ ਵੀ 250 ਅੰਕ ਥੱਲੇ ਆਇਆ ਹੈ।