ਨਵੀਂ ਦਿੱਲੀ: ਅਮੇਠੀ ਵਿੱਚ ਇੰਡੋ-ਰਸ਼ੀਅਨ ਰਾਈਫਲ ਪ੍ਰਾਈਵੇਟ ਲਿਮਟਿਡ ਦੇ ਉਦਘਾਟਨ ਸਬੰਧੀ ਸਿਆਸਤ ਭਖ ਗਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਸਬੰਧੀ ਟਵੀਟ ਕਰਕੇ ਕਿਹਾ ਹੈ ਕਿ ਮੋਦੀ ਨੇ ਫਿਰ ਝੂਠ ਬੋਲਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਹ 2010 ਵਿੱਚ ਹੀ ਅਮੇਠੀ ਦੀ ਆਰਡੀਨੈਂਸ ਫੈਕਟਰੀ ਦਾ ਉਦਘਾਟਨ ਕਰ ਚੁੱਕੇ ਹਨ।
ਦਰਅਸਲ ਪੀਐਮ ਨਰੇਂਦਰ ਮੋਦੀ ਨੇ ਐਤਵਾਰ ਨੂੰ ਰਾਹੁਲ ਗਾਂਧੀ ਦੇ ਸੰਸਦੀ ਖੇਤਰ ਅਮੇਠੀ ਦੇ ਕੋਰਵਾ ਵਿੱਚ ਆਰਡੀਨੈਂਸ ਫੈਕਟਰੀ ਦਾ ਉਦਘਾਟਨ ਕੀਤਾ ਸੀ। ਫੌਜ ਦੀਆਂ ਪੁਰਾਣੀਆਂ ਇਨਸਾਸ ਰਫਲਾਂ ਨੂੰ ਰਿਪਲੇਸ ਕਰਨ ਲਈ ਇਸ ਆਰਡਨੈਂਸ ਫੈਕਟਰੀ ਵਿੱਚ ਰੂਸ ਨਾਲ ਮਿਲਕੇ ਸਾਢੇ 7 ਲੱਖ AK-203 ਰਫਲਾਂ ਬਣਾਈਆਂ ਜਾਣਗੀਆਂ। AK-203 ਰਫਲ AK-47 ਦਾ ਅਪਗ੍ਰੇਡਿਡ ਵਰਸ਼ਨ ਹੈ। ਭਾਰਤ ਦੀਆਂ ਤਿੰਨਾਂ ਫੌਜਾਂ ਕੋਲ ਹਾਲੇ ਭਾਰਤ ਵਿੱਚ ਤਿਆਰ ਕੀਤੀਆਂ ਗਈਆਂ ਇਨਸਾਸ ਰਫਲਾਂ ਹਨ। ਹੁਣ ਇਨਸਾਸ ਦੀਆਂ ਥਾਂ ਜਵਾਨਾਂ ਨੂੰ AK-203 ਨਾਲ ਲੈਸ ਕੀਤਾ ਜਾਏਗਾ। ਪਹਿਲੇ ਗੇੜ ਵਿੱਚ ਤਿੰਨਾਂ ਸੇਨਾਵਾਂ ਨੂੰ ਨਵੀਆਂ ਰਫਲਾਂ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ। ਇਸ ਦੇ ਬਾਅਦ ਨੀਮ ਫੌਜ ਬਲਾਂ ਤੇ ਸੂਬਾ ਪੁਲਿਸ ਨੂੰ ਵੀ ਇਨ੍ਹਾਂ ਨਾਲ ਹੀ ਲੈਸ ਕੀਤਾ ਜਾਏਗਾ। ਸਰਕਾਰ ਨੇ 10 ਸਾਲ ਪਹਿਲਾਂ ਨਵੀਆਂ ਰਫਲਾਂ ਦੀ ਖਰੀਦ ਦੀ ਯੋਜਨਾ ਬਣਾਈ ਸੀ ਪਰ ਹੁਣ ਨੇਪਰੇ ਨਹੀਂ ਚੜ੍ਹ ਸਕੀ ਸੀ।