ਨਵੀਂ ਦਿੱਲੀ : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਸੈਨਿਕਾਂ ਦੇ ਹੱਕ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਰਾਹੁਲ ਨੇ ਚਿੱਠੀ ਵਿੱਚ ਪ੍ਰਧਾਨ ਮੰਤਰੀ ਨੂੰ ਆਖਿਆ ਹੈ ਕਿ ਉਹ "ਵੰਨ ਰੈਂਕ ਵੰਨ ਪੈਨਸ਼ਨ"(OROP) ਨੂੰ ਇਸ ਤਰ੍ਹਾਂ ਲਾਗੂ ਕਰਨ ਕਰਨ ਜਿਸ ਨਾਲ ਜਵਾਨਾਂ ਨੂੰ ਆਪਣੀ ਬਕਾਇਆ ਰਾਸ਼ੀ ਨੂੰ ਹਾਸਿਲ ਕਰਨ ਲਈ ਸੰਘਰਸ਼ ਨਾ ਕਰਨਾ ਪਵੇ।


ਸ਼ਨੀਵਾਰ ਨੂੰ ਲਿਖੀ ਗਈ ਚਿੱਠੀ ਵਿੱਚ ਪ੍ਰਧਾਨ ਮੰਤਰੀ ਨੇ ਆਖਿਆ ਹੈ ਕਿ ਸਰਕਾਰ ਵੱਲੋਂ ਪਿਛਲੇ ਕੁੱਝ ਹਫ਼ਤਿਆਂ ਵਿੱਚ ਲਏ ਗਏ ਫ਼ੈਸਲਿਆਂ ਕਾਰਨ ਸੁਰੱਖਿਆ ਕਰਮੀਆਂ ਦਾ ਮਨੋਬਲ ਪ੍ਰਭਾਵਿਤ ਹੋਇਆ ਹੈ। ਚਿੱਠੀ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਸਰਕਾਰ ਦੀ ਡਿਊਟੀ ਹੈ ਕਿ ਉਹ ਜਵਾਨਾਂ ਦਾ ਧਿਆਨ ਰੱਖੇ,ਕਿਉਂਕਿ ਉਹ ਦੇਸ਼ ਦੀ ਰੱਖਿਆ ਲਈ ਇਹ ਹਰ ਦਿਨ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸਰਹੱਦ ਦੀ ਰਾਖੀ ਕਰਦੇ ਹਨ।

ਰਾਹੁਲ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲਾਗੂ ਕੀਤੀ ਗਈ ਵੰਨ ਰੈਕ ਵੰਨ ਪੈਨਸ਼ਨ ਸਾਬਕਾ ਸੈਨਿਕਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ। ਚਿੱਠੀ ਵਿੱਚ ਆਖਿਆ ਗਿਆ ਹੈ ਕਿ ਸਰਜੀਕਲ ਸਟ੍ਰਾਈਕ ਦੇ ਤੁਰੰਤ ਬਾਅਦ ਸਰਕਾਰ ਨੇ ਸੈਨਿਕਾਂ ਦੀ ਅੰਗਹੀਣ ਪੈਨਸ਼ਨ ਸਬੰਧੀ ਨਵੇਂ ਨਿਯਮ ਲਾਗੂ ਕਰ ਦਿੱਤੇ ਜਿਸ ਕਾਰਨ ਕਈ ਸੈਨਿਕ ਪ੍ਰਭਾਵਿਤ ਹੋਏ ਹਨ ਕਿਉਂਕਿ ਉਨ੍ਹਾਂ ਦੀ ਪੈਨਸ਼ਨ ਘੱਟ ਹੋਈ ਹੈ। ਰਾਹੁਲ ਨੇ ਚਿੱਠੀ ਦੇ ਅੰਤ ਵਿੱਚ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਵੰਨ ਰੈਂਕ ਵੰਨ ਪੈਨਸ਼ਨ ਨੂੰ ਸਹੀ ਤਰੀਕੇ ਨਾਲ ਲਾਗੂ ਕਰ ਕੇ ਦੀਵਾਲੀ ਦੇ ਮੌਕੇ ਉੱਤੇ ਸਾਬਕਾ ਸੈਨਿਕਾਂ ਨੂੰ ਤੋਹਫ਼ਾ ਦੇ ਸਕਦੇ ਹਨ।